ਤੇਜ਼ ਮੀਂਹ, ਗੜੇ ਤੇ ਹਨੇਰੀ ਕਾਰਨ ਕਈ ਪਿੰਡਾਂ ’ਚ ਬਾਸਮਤੀ ਦਾ ਭਾਰੀ ਨੁਕਸਾਨ
ਕੋਟਕਪੂਰਾ, 15 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਬੀਤੀ ਰਾਤ ਇਲਾਕੇ ਵਿਚ ਆਏ ਤੇਜ਼ ਮੀਂਹ, ਗੜੇ ਅਤੇ ਹਨੇਰੀ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਕੋਟਕਪੂਰਾ ਦੇ ਨੇੜਲੇ ਪਿੰਡਾਂ ਵਾੜਾ ਦਰਾਕਾ, ਖਾਰਾ ਅਤੇ ਹੋਰ ਆਸ-ਪਾਸ ਦੇ ਖੇਤਰਾਂ ਵਿਚ ਕਿਸਾਨਾਂ ਦੀ ਪੱਕ ਕੇ ਤਿਆਰ ਹੋਈ ਝੋਨੇ ਅਤੇ ਬਾਸਮਤੀ ਦੀ ਫ਼ਸਲ ਜ਼ਮੀਨ ’ਤੇ ਵਿੱਛ ਗਈ ਹੈ।
ਕੋਟਕਪੂਰਾ, 15 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਬੀਤੀ ਰਾਤ ਇਲਾਕੇ ਵਿਚ ਆਏ ਤੇਜ਼ ਮੀਂਹ, ਗੜੇ ਅਤੇ ਹਨੇਰੀ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਕੋਟਕਪੂਰਾ ਦੇ ਨੇੜਲੇ ਪਿੰਡਾਂ ਵਾੜਾ ਦਰਾਕਾ, ਖਾਰਾ ਅਤੇ ਹੋਰ ਆਸ-ਪਾਸ ਦੇ ਖੇਤਰਾਂ ਵਿਚ ਕਿਸਾਨਾਂ ਦੀ ਪੱਕ ਕੇ ਤਿਆਰ ਹੋਈ ਝੋਨੇ ਅਤੇ ਬਾਸਮਤੀ ਦੀ ਫ਼ਸਲ ਜ਼ਮੀਨ ’ਤੇ ਵਿੱਛ ਗਈ ਹੈ। ਇਸ ਕੁਦਰਤੀ ਆਫ਼ਤ ਨਾਲ ਕਿਸਾਨਾਂ ਦੇ ਮੂੰਹ ’ਤੇ ਉਦਾਸੀ ਛਾਈ ਹੈ, ਜਿਸ ਨਾਲ ਪੂਰੇ ਇਲਾਕੇ ਦੇ ਕਿਸਾਨਾਂ ਵਿਚ ਚਿੰਤਾ ਦੀ ਲਹਿਰ ਫੈਲ ਗਈ ਹੈ। ਪਿੰਡ ਵਾੜਾ ਦਰਾਕਾ ਅਤੇ ਖਾਰਾ ਦੇ ਕਿਸਾਨ ਲੱਡੂ ਸਿੰਘ, ਗੁਰਸੇਵਕ ਸਿੰਘ, ਬਲਵੀਰ ਸਿੰਘ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਰਾਤ ਵੇਲੇ ਆਈ ਤੇਜ਼ ਹਨ੍ਹੇਰੀ ਤੇ ਮੀਂਹ ਅਤੇ ਗੜ੍ਹਿਆਂ ਨੇ ਉਨ੍ਹਾਂ ਦੀ ਮਹੀਨਿਆਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਨੇ ਦੱਸਿਆ ਕਿ ਅਸੀਂ ਰਾਤ-ਦਿਨ ਇਕ ਕਰਕੇ ਆਪਣੀ ਬਾਸਮਤੀ ਦੀ ਫ਼ਸਲ ਨੂੰ ਧੀਆਂ-ਪੁੱਤਾਂ ਵਾਂਗ ਪਾਲਿਆ ਸੀ। ਫ਼ਸਲ ਬਿਲਕੁਲ ਪੱਕ ਕੇ ਤਿਆਰ ਸੀ ਅਤੇ ਕੁਝ ਹੀ ਦਿਨਾਂ ਵਿਚ ਵੱਢੀ ਜਾਣੀ ਸੀ, ਪਰ ਇਸ ਬੇਮੌਸਮੀ ਮਾਰ ਨੇ ਸਭ ਕੁਝ ਤਬਾਹ ਕਰ ਦਿੱਤਾ। ਤੇਜ਼ ਹਵਾਵਾਂ ਕਾਰਨ ਫਸਲ ਥੱਲੇ ਡਿੱਗ ਗਈ ਹੈ, ਜਿਸ ਨਾਲ ਦਾਣੇ ਖਰਾਬ ਹੋਣ ਦਾ ਡਰ ਬਣ ਗਿਆ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਪਿੰਡ ਵਾੜਾ ਦਰਾਕਾ, ਖਾਰਾ ਅਤੇ ਹੋਰ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਗੁਹਾਰ ਲਗਾਈ ਹੈ ਕਿ ਨੁਕਸਾਨੀਆਂ ਗਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਵਾੜਾਦਰਾਕਾ, ਖਾਰਾ ਤੇ ਹੋਰ ਇਲਾਕਿਆਂ ਵਿਚ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਜਾਈਜ਼ਾ ਲੈਣ ਭੇਜਿਆ ਗਿਆ ਹੈ ਜਲਦੀ ਹੀ ਫ਼ਸਲਾਂ ਦੇ ਨੁਕਸਾਨ ਬਾਰੇ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ।