ਪੀ.ਸੀ.ਆਰ. ਟੀਮ ਨੇ ਚੋਰੀ ਹੋਈ ਐਕਟਿਵਾ ਸਕੂਟਰੀ ਅੱਧੇ ਘੰਟੇ ਵਿਚ ਲੱਭ ਕੇ ਮਾਲਕ ਹਵਾਲੇ ਕੀਤੀ
ਬਠਿੰਡਾ, 28 ਨਵੰਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਨੇ ਆਪਣੀ ਮੁਸਤੈਦੀ ਅਤੇ ਤੁਰੰਤ ਕਾਰਵਾਈ ਦਾ ਸਬੂਤ ਦਿੰਦਿਆਂ ਚੋਰੀ ਹੋਈ ਐਕਟਿਵਾ ਸਕੂਟਰੀ ਨੂੰ ਮਹਿਜ਼ ਅੱਧੇ ਘੰਟੇ ਦੇ ਅੰਦਰ ਬਰਾਮਦ ਕਰਕੇ ਉਸ ਦੇ ਮਾਲਕ ਦੇ ਹਵਾਲੇ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਦੀ ਇਸ ਕਾਰਵਾਈ ਦੀ ਸ਼ਹਿਰ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ।
ਬਠਿੰਡਾ, 28 ਨਵੰਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਨੇ ਆਪਣੀ ਮੁਸਤੈਦੀ ਅਤੇ ਤੁਰੰਤ ਕਾਰਵਾਈ ਦਾ ਸਬੂਤ ਦਿੰਦਿਆਂ ਚੋਰੀ ਹੋਈ ਐਕਟਿਵਾ ਸਕੂਟਰੀ ਨੂੰ ਮਹਿਜ਼ ਅੱਧੇ ਘੰਟੇ ਦੇ ਅੰਦਰ ਬਰਾਮਦ ਕਰਕੇ ਉਸ ਦੇ ਮਾਲਕ ਦੇ ਹਵਾਲੇ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਦੀ ਇਸ ਕਾਰਵਾਈ ਦੀ ਸ਼ਹਿਰ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਲੋਂ ਆਪਣੀ ਚਿੱਟੇ ਰੰਗ ਐਕਟਿਵਾ ਸਕੂਟਰੀ ਪਾਵਰ ਹਾਊਸ ਚੌਕ ਬਠਿੰਡਾ ਪਾਸੋਂ ਚੋਰੀ ਹੋਣ ਸਬੰਧੀ ਪੁਲਿਸ ਦੀ 112 ਹੈਲਪ ਲਾਈਨ ‘ਤੇ ਸੂਚਨਾ ਦਿੱਤੀ ਗਈ ਸੀ। ਸੂਚਨਾ ਮਿਲਦਿਆਂ ਹੀ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਹਰਕਤ ਵਿਚ ਆ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੀਸੀਆਰ ਟੀਮ ਵਿਚ ਤਾਇਨਾਤ ਪੁਲਿਸ ਅਧਿਕਾਰੀਆਂ ਸੰਜੀਵ ਕੁਮਾਰ ਅਤੇ ਹਰਜੀਤ ਸਿੰਘ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਲਾਜ਼ਮਾਂ ਵਲੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸਕੂਟਰੀ ਦੀ ਭਾਲ ਕੀਤੀ ਗਈ। ਪੁਲਿਸ ਦੀ ਸੂਝ-ਬੂਝ ਅਤੇ ਤੇਜ਼ ਕਾਰਵਾਈ ਸਦਕਾ ਚੋਰੀ ਹੋਈ ਐਕਟਿਵਾ ਸਕੂਟਰੀ ਨੂੰ ਸਿਰਫ਼ ਅੱਧੇ ਘੰਟੇ ਵਿਚ ਲੱਭ ਲਿਆ ਗਿਆ ਅਤੇ ਬਾਅਦ ਵਿਚ ਸਕੂਟਰੀ ਉਸ ਦੇ ਅਸਲ ਮਾਲਕ ਜਗਜੀਤ ਸਿੰਘ ਦੇ ਹਵਾਲੇ ਕਰ ਦਿੱਤੀ ਗਈ। ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਪੁਲਿਸ ਵੱਲੋਂ ਸਮੇਂ ਸਿਰ ਮਿਲੀ ਸੂਚਨਾ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਕੀਤਾ ਜਾ ਸਕਦਾ ਹੈ। ਪੀ.ਸੀ.ਆਰ. ਮੁਲਾਜ਼ਮਾਂ ਦੀ ਇਸ ਕਾਰਗੁਜ਼ਾਰੀ ਦੀ ਲੋਕਾਂ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ।