ਸਾਦਿਕ, 27 ਜਨਵਰੀ (ਗੁਰਭੇਜ ਸਿੰਘ ਚੌਹਾਨ, ਆਰ.ਐਸ.ਧੁੰਨਾ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ 26 ਜਨਵਰੀ ਨੂੰ ਸਾਦਿਕ ਇਲਾਕੇ ਦੇ ਕਿਸਾਨਾਂ ਵਲੋਂ ਸੰਯੁਕਤ ਮੋਰਚੇ ਨਾਲ ਸਬੰਧਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ, ਰਛਪਾਲ ਸਿੰਘ ਬਰਾੜ, ਬਖਤੌਰ ਸਿੰਘ ਢਿੱਲੋਂ, ਰਜਿੰਦਰ ਸਿੰਘ ਰਾਜਾ, ਜਗਸੀਰ ਸਿੰਘ ਸੰਧੂ ਆਦਿ ਆਗੂਆਂ ਦੀ ਅਗਵਾਈ 'ਚ ਆਪਣੀਆਂ ਮੰਗਾਂ ਦੇ ਹੱਕ ਵਿਚ ਟਰੈਕਟਰ ਮਾਰਚ ਕੱਢਿਆ ਗਿਆ | ਇਹ ਮਾਰਚ ਦਿੱਲੀ ਮੋਰਚੇ ਸਮੇਂ ਵੀ ਇਸ ਦਿਨ ਕੱਢਿਆ ਗਿਆ ਸੀ | ਜਿਸ ਕਰਕੇ ਕਿਸਾਨ ਜਥੇਬੰਦੀਆਂ ਇਸ ਨੂੰ ਟਰੈਕਟਰ ਮਾਰਚ ਦੀ ਵਰੇ੍ਹਗੰਢ ਦੇ ਤੌਰ 'ਤੇ ਵੀ ਇਹ ਮਾਰਚ ਕਰਦੀਆਂ ਹਨ | ਇਸ ਮਾਰਚ ਸਬੰਧੀ ਕਿਸਾਨ ਦਾਣਾ ਮੰਡੀ ਸਾਦਿਕ ਵਿਚ ਆਪੋ ਆਪਣੇ ਟਰੈਕਟਰਾਂ 'ਤੇ ਆਪੋ ਆਪਣੀਆਂ ਜਥੇਬੰਦੀਆਂ ਦੇ ਝੰਡੇ ਲਾ ਕੇ ਪੁੱਜੇ ਅਤੇ ਇੱਥੋਂ ਇਹ ਮਾਰਚ ਸ਼ੁਰੂ ਕਰਕੇ ਸਾਦਿਕ ਦੇ ਬਾਜ਼ਾਰਾਂ ਵਿਚ ਦੀ ਲੰਘਿਆ ਅਤੇ ਫ਼ਰੀਦਕੋਟ ਰੋਡ 'ਤੇ ਪੜਾਅ ਕੀਤਾ | ਇਸ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਦਿੱਲੀ ਸਮਝੌਤੇ ਦੌਰਾਨ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੇ ਨਾਲ ਨਾਲ ਬਿਜਲੀ ਸੋੋਧ ਬਿੱਲ ਵੀ ਵਾਪਸ ਲੈਣ ਦਾ ਵਾਅਦਾ ਕੀਤਾ ਸੀ ਅਤੇ ਇਸ ਦੇ ਨਾਲ ਕਿਸਾਨਾਂ ਦੀ ਐਮ.ਐਸ.ਪੀ. ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਵੀ ਸ਼ਾਮਿਲ ਸੀ, ਪਰ ਕੇਂਦਰ ਸਰਕਾਰ ਨੇ ਆਪਣੇ ਕੀਤੇ ਵਾਅਦੇ ਨਹੀਂ ਨਿਭਾਏ ਅਤੇ ਵਿੰਗੇ ਟੇਢੇ ਢੰਗ ਨਾਲ ਇਨ੍ਹਾਂ ਨੂੰ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਜੇ ਬਿਜਲੀ ਸੋਧ ਬਿੱਲ ਲਾਗੂ ਹੋ ਜਾਂਦਾ ਹੈ ਤਾਂ ਬਿਜਲੀ ਤੇ ਦਿੱਤੀ ਜਾਂਦੀ ਸਬਸਿਡੀ ਖ਼ਤਮ ਹੋ ਜਾਵੇਗੀ ਅਤੇ ਬਿਜਲੀ ਦਾ ਪ੍ਰਾਈਵੇਟ ਕਰਨ ਹੋ ਜਾਵੇਗਾ | ਬਿਜਲੀ ਦੀ ਵਰਤੋਂ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ | ਦੂਸਰਾ ਕਿਸਾਨ ਜਥੇਬੰਦੀਆਂ ਨਰੇਗਾ ਸਕੀਮ ਵਿਚ ਤਬਦੀਲੀ ਕਰਨ ਦਾ ਵੀ ਵਿਰੋਧ ਕਰਦੀਆਂ ਹਨ ਕਿਉਂਕਿ ਰਾਜ ਸਰਕਾਰਾਂ ਤੇ 40 ਪ੍ਰਤੀਸ਼ਤ ਹਿੱਸੇਦਾਰੀ ਦੀ ਸ਼ਰਤ ਥੋਪਣ ਨਾਲ ਇਹ ਸਕੀਮ ਬੰਦ ਹੋ ਜਾਵੇਗੀ | ਕਿਉਂਕਿ ਰਾਜ ਸਰਕਾਰਾਂ ਕੋਲ ਐਨੇ ਫ਼ੰਡ ਨਹੀਂ ਜੋ 40 ਪ੍ਰਤੀਸ਼ਤ ਦੀ ਹਿੱਸੇਦਾਰੀ ਪਾ ਸਕਣ | ਕੇਂਦਰ ਸਰਕਾਰ ਵਲੋਂ ਇਕ ਬੀਜ ਸੋਧ ਬਿੱਲ ਕਿਸਾਨਾਂ ਉੱਤੇ ਥੋਪਿਆ ਜਾ ਰਿਹਾ ਹੈ | ਜਿਸ ਅਨੁਸਾਰ ਕਿਸਾਨ ਨੂੰ ਕਾਰਪੋਰੇਟ ਕੰਪਨੀਆਂ ਤੋਂ ਨਵੇਂ ਬੀਜ ਖ਼ਰੀਦਣ ਲਈ ਮਜਬੂਰ ਕੀਤਾ ਜਾਵੇਗਾ | ਜਿਸ ਨਾਲ ਕਿਸਾਨੀ ਦੀ ਲੁੱਟ ਹੋਵੇਗੀ ਜੋ ਕਿਸਾਨ ਜਥੇਬੰਦੀਆਂ ਨੂੰ ਮਨਜ਼ੂਰ ਨਹੀਂ | ਇਸ ਮੌਕੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਜ਼ੀ ਵੀ ਕੀਤੀ ਗਈ | ਇਸ ਟਰੈਕਟਰ ਮਾਰਚ ਵਿਚ ਸੈਂਕੜੇ ਟਰੈਕਟਰ ਲੈ ਕੇ ਕਿਸਾਨ ਸ਼ਾਮਿਲ ਹੋਏ ਅਤੇ ਆਪਣੇ ਰੋਸ ਦਾ ਸ਼ਾਂਤਮਈ ਢੰਗ ਨਾਲ ਪ੍ਰਗਟਾਵਾ ਕੀਤਾ |