ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਅਬੀਜੋਤ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਪਿੰਡ ਸੂਰੇਵਾਲਾ ਜੋ ਕਿ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਹਰੀਕੇ ਕਲਾਂ ਦੀ ਕਲਾਸ ਦਸਵੀਂ ਦੀ ਵਿਦਿਆਰਥਣ ਹੈ, ਨੇ ਸੀ. ਬੀ.ਐੱਸ.ਈ. ਬੋਰਡ ਦੀਆਂ ਪ੍ਰੀਖਿਆਵਾਂ ਵਿਚ 98 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਸਕੂਲ ਦੀ ਟਾਪਰ ਹੋਣ ਤੋਂ ਇਲਾਵਾ ਜ਼ਿਲ੍ਹੇ ਵਿਚੋਂ ਚੰਗੀ ਪੁਜ਼ੀਸ਼ਨ ਬਣਾਈ ਹੈ | ਉਸ ਨੇ ਮੈਥ ਤੇ ਆਈ.ਟੀ. ਵਿਸ਼ਿਆਂ ਵਿਚ 100/100 ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਅਬੀਜੋਤ ਕੌਰ ਨੇ ਇਹ ਕਾਮਯਾਬੀ ਆਪਣੇ ਅਧਿਆਪਕਾਂ ਵਲੋਂ ਦੱਸੇ ਗਏ ਸਹੀ ਮਾਰਗ 'ਤੇ ਚੱਲਦੇ ਹੋਏ ਅਤੇ ਲਗਾਤਾਰ ਮਿਹਨਤ ਨਾਲ ਹਾਸਿਲ ਕੀਤੀ ਹੈ | ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਗੁਰੂਕੁਲ ਸਕੂਲ ਨੇ ਇਲਾਕੇ ਦੇ ਹੋਰ ਸਕੂਲਾਂ ਵਿਚੋਂ ਵੀ ਵਧੀਆ ਅੰਕ ਪ੍ਰਾਪਤ ਕਰਕੇ ਆਪਣਾ ਨਾਂਅ ਰੌਸ਼ਨ ਕੀਤਾ ਹੈ, ਜੋ ਕਿ ਸਕੂਲ ਅਤੇ ਇਲਾਕੇ ਲਈ ਬੜੀ ਮਾਣ ਵਾਲੀ ਗੱਲ ਹੈ | ਸਕੂਲ ਮੈਨੇਜਮੈਂਟ ਕਮੇਟੀ ਵਲੋਂ ਅਬੀਜੋਤ ਨੂੰ ਉਸ ਦੇ ਪਿਤਾ ਦੇ ਨਾਲ ਸਨਮਾਨਿਤ ਕੀਤਾ ਗਿਆ | ਗੱਲਬਾਤ ਦੌਰਾਨ ਅਬੀਜੋਤ ਕੌਰ ਨੇ ਦੱਸਿਆ ਕਿ ਉਹ ਭਵਿੱਖ ਵਿਚ ਸਿਵਲ ਸਰਵਿਸਿਜ਼ (ਯੂ. ਪੀ. ਐੱਸ. ਸੀ.) ਵਿਚ ਜਾਣਾ ਚਾਹੁੰਦੀ ਹੈ | ਉਹ ਸਾਰੇ ਵਿਦਿਆਰਥੀਆਂ ਲਈ ਇਕ ਪ੍ਰੇਰਣਾ ਹੈ ਅਤੇ ਉਸ ਨੇ ਸੰਦੇਸ਼ ਦਿੱਤਾ ਕਿ ਲਗਨ ਤੇ ਮਿਹਨਤ ਨਾਲ ਹਰ ਕੋਈ ਆਪਣੇ ਸੁਪਨੇ ਪੂਰੇ ਕਰ ਸਕਦਾ ਹੈ |