ਅੰਮਿ੍ਤਸਰ, 1 ਜਨਵਰੀ (ਜਸਵੰੰਤ ਸਿੰਘ ਜੱਸ)-ਨਵੇਂ ਸਾਲ 2026 ਦੀ ਆਮਦ ਮੌਕੇ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸਿੱਖ ਸੰਗਤਾਂ ਸਮੇਤ ਵੱਖ-ਵੱਖ ਧਰਮਾਂ ਦੇ ਇਕ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ ਹੋਏ ਅਤੇ ਪਰਿਵਾਰਕ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਤੇ ਮੱਥਾ ਟੇਕ ਕੇ ਪੰਗਤ ਵਿਚ ਬੈਠ ਕੇ ਗੁਰੂ ਦਾ ਲੰਗਰ ਛਕਿਆ | ਤਖ਼ਤ ਪਟਨਾ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਦੇ ਆਗਮਨ ਨੂੰ ਧਿਆਨ ਵਿਚ ਰੱਖਦਿਆਂ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਗਏ ਜੋ 31 ਦਸੰਬਰ ਦੀ ਸ਼ਾਮ ਤੋਂ ਸ਼ੁਰੂ ਹੋ ਕੇ ਦੇਰ ਰਾਤ 12:15 ਵਜੇ ਤੱਕ ਚੱਲਦੇ ਰਹੇ | ਇਸ ਦੌਰਾਨ ਰਾਗੀ ਸਿੰਘਾਂ ਦੇ ਜਥਿਆਂ ਨੇ ਇਲਾਹੀ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਤੇ ਨਵੇਂ ਸਾਲ ਦੇ ਆਗਮਨ 'ਤੇ ਰਾਤ 12:15 ਵਜੇ ਭੋਗ ਪਾਏ ਗਏ ਅਤੇ ਅਰਦਾਸ ਤੋਂ ਬਾਅਦ ਸਮਾਪਤੀ ਹੋਈ | ਕਮੇਟੀ ਦੇ ਮੀਡੀਆ ਇੰਚਾਰਜ ਸੁਦੀਪ ਸਿੰਘ ਨੇ ਦੱਸਿਆ ਕਿ ਰਾਤ ਦੇ ਸਮਾਗਮਾਂ ਤੋਂ ਇਲਾਵਾ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਵੀ ਇਕ ਲੱਖ ਤੋਂ ਵੱਧ ਸ਼ਰਧਾਲੂ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਤੇ ਸ਼ਰਧਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਸੰਗਤ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤੇ ਤਖ਼ਤ ਸਾਹਿਬ ਕਮੇਟੀ ਦੇ ਸੁਪਰਡੈਂਟ ਦਲਜੀਤ ਸਿੰਘ ਸਮੇਤ ਸਾਰੇ ਮੈਨੇਜਰਾਂ ਅਤੇ ਹੋਰ ਸਟਾਫ ਨੇ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਵਿਚ ਮਹੱਤਵਪੂਰਨ ਸੇਵਾ ਨਿਭਾਈ | ਇਸੇ ਦੌਰਾਨ ਪ੍ਰਧਾਨ ਸੋਹੀ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਬੰਸ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਅੰਗਰੇਜ਼ੀ ਨਵੇਂ ਸਾਲ ਦੀ ਸੰਗਤ ਨੂੰ ਵਧਾਈ ਦਿੱਤੀ |
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਵੇਂ ਸਾਲ ਦੇ ਪਹਿਲੇ ਦਿਨ ਵੱਡੀ ਗਿਣਤੀ 'ਚ ਸ਼ਰਧਾਲੂ ਹੋਏ ਨਤਮਸਤਕ <br/>
ਅਜੀਤ ਡੈਸਕ
02-01-2026