ਅੰਮਿ੍ਤਸਰ, 23 ਫ਼ਰਵਰੀ (ਜਸਵੰਤ ਸਿੰਘ ਜੱਸ)-ਕੈਨੇਡਾ ਦੇ ਸਿੱਖ ਮੈਂਬਰ ਪਾਰਲੀਮੈਂਟ ਅਤੇ ਵਿਰੋਧੀ ਧਿਰ ਦੇ ਡਿਪਟੀ ਲੀਡਰ ਟਿਮ ਸਿੰਘ ਉੱਪਲ ਆਪਣੇ ਪਰਿਵਾਰਕ ਮੈਂਬਰਾਂ ਤੇ ਹੋਰ ਸਾਥੀਆਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ | ਐਡਮਿੰਟਨ ਗੇਟਵੇਅ ਤੋਂ ਸੰਸਦ ਮੈਂਬਰ ਟਿਮ ਸਿੰਘ ਉੱਪਲ ਨੇ ਗੁਰੂ ਘਰ ਵਿਖੇ ਨਤਮਸਤਕ ਹੋਣ ਉਪਰੰਤ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੁਨੀਆਂ ਅੰਦਰ ਵੱਸਦੇ ਸਿੱਖਾਂ ਲਈ ਵੱਡੀ ਆਸਥਾ ਦਾ ਕੇਂਦਰ ਹੈ, ਜਿਥੇ ਨਤਮਸਤਕ ਹੋ ਕੇ ਉਹ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਮਹਿਸੂਸ ਕਰਦੇ ਹਨ | ਇਸ ਮੌਕੇ ਉਨ੍ਹਾਂ ਨਾਲ ਪਰਿਵਾਰਕ ਮੈਂਬਰਾਂ ਤੋਂ ਕੁਲਦੀਪ ਸਿੰਘ ਪ੍ਰਧਾਨ ਕੇ. ਐੱਨ. ਆਰ. ਗਰੁੱਪ ਕੈਨੇਡਾ ਅਤੇ ਚਰਨਜੀਤ ਸਿੰਘ ਮਾਵੀਕਲਾਂ ਵੀ ਮੌਜੂਦ ਸਨ | ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਸੂਚਨਾ ਅਧਿਕਾਰੀ ਰਣਧੀਰ ਸਿੰਘ ਵਰਪਾਲ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਸੁੰਦਰ ਮਾਡਲ ਤੇ ਸਿੱਖ ਇਤਿਹਾਸ ਸੰਬੰਧੀ ਧਾਰਮਿਕ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਕੈਨੇਡਾ ਦੇ ਸੰਸਦ ਮੈਂਬਰ ਟਿਮ ਸਿੰਘ ਉੱਪਲ <br/>
ਅਜੀਤ ਡੈਸਕ
24-02-2026