17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਹਿਮਾਚਲ ਸਰਕਾਰ ਨੇ 1 ਅਪ੍ਰੈਲ ਤੋਂ ਵਧਾਈ ਐਂਟਰੀ ਫ਼ੀਸ <br/>

Ad Position 21
No active advertisement
ਅਜੀਤ ਡੈਸਕ 24-02-2026

ਨੂਰਪੁਰ ਬੇਦੀ (ਰੂਪਨਗਰ), 23 ਫਰਵਰੀ (ਹਰਦੀਪ ਸਿੰਘ ਢੀਂਡਸਾ)-ਹਿਮਾਚਲ ਪ੍ਰਦੇਸ਼ ਸਰਕਾਰ ਨੇ 1 ਅਪ੍ਰੈਲ 2026 ਤੋਂ ਹਿਮਾਚਲ ਪ੍ਰਦੇਸ਼ ਵਿਚ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਵਿਚ ਐਂਟਰੀ ਫ਼ੀਸ ਵਿਚ ਕਰੀਬ ਦੁੱਗਣਾ ਵਾਧਾ ਕਰ ਦਿੱਤਾ ਹੈ | ਜਿਸ ਕਰਕੇ ਜਿਥੇ ਪੰਜਾਬੀਆਂ ਅਤੇ ਸੈਲਾਨੀਆਂ ਲਈ ਹੁਣ ਦੇਵ ਭੂਮੀ ਦੇ ਪਹਾੜਾਂ ਦੀ ਸੈਰ ਮਹਿੰਗੀ ਹੋ ਜਾਵੇਗੀ, ਉਥੇ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਦੇ ਲੋਕਾਂ ਨੂੰ ਹਿਮਾਚਲ ਵਿਚ ਆਪਣੀਆਂ ਰਿਸ਼ਤੇਦਾਰੀਆਂ ਵਿਚ ਜਾਣਾ ਵੀ ਉਨ੍ਹਾਂ ਦੇ ਖੀਸੇ ਦਾ ਬੋਝ ਵਧਾਏਗਾ | ਪੰਜਾਬ ਦੇ ਲੋਕਾਂ ਦਾ ਹਿਮਾਚਲ ਦੇ ਧਾਰਮਿਕ ਸਥਾਨਾਂ ਜਿਵੇਂ ਮਾਤਾ ਨੈਣਾ ਦੇਵੀ, ਜਵਾਲਾ ਜੀ, ਬਾਬਾ ਵਡਭਾਗ ਸਿੰਘ, ਬਾਬਾ ਬਾਲਕ ਨਾਥ ਮੈੜੀ, ਪੀਰ ਨਿਗਾਹਾ, ਮਾਤਾ ਚਿੰਤਪੁਰਨੀ, ਮਾਤਾ ਬਗਲਾਮੁਖੀ ਅਤੇ ਹਰੀਪੁਰ ਜੌਹੜ ਆਦਿ ਦੀ ਯਾਤਰਾ 'ਤੇ ਜਾਣਾ ਵੀ ਮਹਿੰਗਾ ਹੋ ਜਾਵੇਗਾ | ਐਂਟਰੀ ਫ਼ੀਸ ਵਿਚ ਵਾਧੇ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਰੂਪਨਗਰ ਦੇ ਵਿਧਾਇਕ ਐਡ. ਦਿਨੇਸ਼ ਚੱਢਾ ਸਮੇਤ ਪੰਜਾਬ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਸਮੇਤ ਵੱਖ ਵੱਖ ਸਮਾਜਕ, ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਨੇ ਵੀ ਇਸ ਦਾ ਸਖ਼ਤ ਵਿਰੋਧ ਕੀਤਾ ਹੈ | ਗੌਰਤਲਬ ਹੈ ਕਿ ਪੰਜਾਬ ਦੇ ਰੂਪਨਗਰ, ਮੁਹਾਲੀ, ਹੁਸ਼ਿਆਰਪੁਰ ਅਤੇ ਪਠਾਨਕੋਟ ਜ਼ਿਲਿ੍ਹਆਂ ਨਾਲ ਹਿਮਾਚਲ ਪ੍ਰਦੇਸ਼ ਦੀਆਂ ਹੱਦਾਂ ਲੱਗਦੀਆਂ ਹਨ | ਹਿਮਾਚਲ ਸਰਕਾਰ ਨੇ ਹੁਣ ਪੰਜ ਸੀਟਰ ਕਾਰ ਦੀ ਹਿਮਾਚਲ ਐਂਟਰੀ 70 ਰੁਪਏ ਤੋਂ ਵਧਾ ਕੇ 130 ਰੁਪਏ ਕਰ ਦਿੱਤੀ ਹੈ ਜਦਕਿ ਇਨੋਵਾ, ਥਾਰ ਜੀਪ ਅਤੇ ਵੈਨ ਦੀ ਐਂਟਰੀ ਫ਼ੀਸ 170 ਰੁਪਏ, ਬੱਸ ਟਰੱਕ ਦੀ 570 ਰੁਪਏ ਅਤੇ ਹੈਵੀ ਟਿੱਪਰ ਟਰਾਲੇ ਦੀ ਫ਼ੀਸ 900 ਰੁਪਏ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਹਿਮਾਚਲ ਵਿਚ ਵੱਖ ਵੱਖ ਹਾਈਵੇ 'ਤੇ ਟੋਲ ਪਲਾਜ਼ੇ ਵੀ ਲਗਾਏ ਗਏ ਹਨ | ਰੂਪਨਗਰ ਜ਼ਿਲ੍ਹੇ ਤੋਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ੍ਹ ਨੂੰ ਐਂਟਰ ਕਰਨ ਵੇਲੇ ਗੜਾਮੋੜਾ ਕੋਲ ਪੈਂਦਾ ਟੋਲ ਪਲਾਜ਼ਾ ਕਾਰ ਲਈ 225 ਰੁਪਏ ਆਉਣ ਜਾਣ ਦਾ ਟੋਲ ਵਸੂਲਦਾ ਹੈ | ਹਿਮਾਚਲ ਦੇ ਸੈਲਾਨੀ ਸੈਰਗਾਹ ਸਥਾਨ ਮਨਾਲੀ ਅਤੇ ਲਾਹੌਲ ਸਪਿਤੀ ਸਮੇਤ ਅਨੇਕਾਂ ਹੋਰ ਸ਼ਹਿਰਾਂ ਵਿਚ ਗਰੀਨ ਟੈਕਸ ਦੇ ਨਾਂਅ 'ਤੇ 200 ਤੋਂ 500 ਰੁਪਏ ਤੱਕ ਦੀ ਟੈਕਸ ਵਸੂਲੀ ਵੀ ਕੀਤੀ ਜਾਂਦੀ ਹੈ | ਹਿਮਾਚਲ ਨੂੰ ਅਕਸਰ ਜਾਣ ਵਾਲੇ ਟੈਕਸੀ ਚਾਲਕਾਂ ਪ੍ਰਦੀਪ ਸਿੰਘ, ਹਰਪ੍ਰੀਤ ਸਿੰਘ ਭੱਟੋਂ, ਰਣਜੀਤ ਸਿੰਘ, ਟੈਕਸੀ ਯੂਨੀਅਨ ਆਗੂ ਕਪਿਲ ਦੇਵ ਬਾਵਾ ਅਤੇ ਪਵਨ ਕੁਮਾਰ ਆਦਿ ਨੇ ਕਿਹਾ ਕਿ ਹਿਮਾਚਲ ਵਿਚ ਐਂਟਰੀ ਟੈਕਸ ਵਧਣ ਨਾਲ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੋਵੇਗਾ | ਗੌਰਵ ਰਾਣਾ ਨੇ ਕਿਹਾ ਕਿ ਰੂਪਨਗਰ ਜ਼ਿਲ੍ਹੇ ਦੇ ਅਨੇਕਾਂ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਏਮਜ਼ ਹਸਪਤਾਲ ਬਿਲਾਸਪੁਰ ਅਕਸਰ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਹਿਮਾਚਲ ਸਰਕਾਰ ਨੇ ਐਂਟਰੀ ਟੈਕਸ ਵਾਧਾ ਵਾਪਸ ਨਾ ਲਿਆ ਤਾਂ 1 ਅਪ੍ਰੈਲ ਨੂੰ ਹਿਮਾਚਲ ਐਂਟਰੀ 'ਤੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਜਾਵੇਗਾ |
ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਹਿਮਾਚਲ ਸਰਕਾਰ ਐਂਟਰੀ ਟੈਕਸ, ਗਰੀਨ ਟੈਕਸ ਤੇ ਮਹਿੰਗੇ ਟੋਲ ਪਲਾਜ਼ੇ ਲਗਾ ਕੇ ਕਮਾਈ ਕਰ ਰਹੀ ਹੈ ਪਰ ਹਿਮਾਚਲ ਵਿਚ ਪਖਾਨਿਆਂ ਦਾ ਪਾਣੀ ਸਿੱਧਾ ਬਿਆਸ ਅਤੇ ਸਤਲੁਜ ਦਰਿਆ ਵਿਚ ਸੁੱਟ ਕੇ ਜਲ ਪ੍ਰਦੂਸ਼ਣ ਵੀ ਫੈਲਾਅ ਰਹੀ ਹੈ | ਹਿਮਾਚਲ ਵਿਚ ਕਿਤੇ ਵੀ ਸੀਵਰੇਜ ਟਰੀਟਮੈਂਟ ਪਲਾਂਟ ਨਹੀਂ ਲਗਾਇਆ ਗਿਆ ਪਰ ਗਰੀਨ ਟੈਕਸ ਦੇ ਨਾਂਅ 'ਤੇ ਟੈਕਸ ਵਸੂਲਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਅਬੋਹਰ 'ਚ ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਸਮੇਤ 3 ਮੌਤਾਂ, 2 ਜ਼ਖ਼ਮੀ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਜਲਦ ਕਰਵਾਈ ਜਾਵੇਗੀ ਐਨ.ਆਰ.ਆਈ. ਮਿਲਣੀ-ਡਾ. ਰਵਜੋਤ ਸਿੰਘ <br/>
Ad Position 24