ਫ਼ਿਰੋਜ਼ਪੁਰ, 2 ਮਾਰਚ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੀ ਟਿਕਟ ਚੈਕਿੰਗ ਟੀਮ ਵਲੋਂ ਟਰੇਨਾਂ ਵਿਚ ਅਣਅਧਿਕਾਰਤ ਤੌਰ 'ਤੇ ਸਫ਼ਰ ਕਰ ਰਹੇ ਯਾਤਰੀਆਂ ਦੀ ਇਸ ਪ੍ਰਵਿਰਤੀ ਨੂੰ ਰੋਕਣ ਲਈ ਟਰੇਨਾਂ ਵਿਚ ਲਗਾਤਾਰ ਟਿਕਟ ਚੈਕਿੰਗ ਕੀਤੀ ਜਾ ਰਹੀ ਹੈ | ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਨਿਰੀਖਕਾਂ ਵਲੋਂ ਫਰਵਰੀ 2026 ਦੀ ਮਿਆਦ ਦੌਰਾਨ ਟਿਕਟ ਚੈਕਿੰਗ ਮੁਹਿੰਮ ਤਹਿਤ ਕੁੱਲ 2.51 ਕਰੋੜ ਰੁਪਏ ਦੀ ਆਮਦਨ ਇਕੱਠੀ ਕੀਤੀ ਗਈ ਹੈ, ਜੋ ਕਿ ਫਰਵਰੀ 2025 ਦੀ 1.94 ਕਰੋੜ ਰੁਪਏ ਦੀ ਆਮਦਨ ਦੇ ਮੁਕਾਬਲੇ ਲਗਭਗ 29 ਫ਼ੀਸਦੀ ਵੱਧ ਹੈ | ਇਸ ਤੋਂ ਇਲਾਵਾ ਹੈੱਡ ਕੁਆਰਟਰ ਵਲੋਂ ਮੌਜੂਦਾ ਵਿੱਤੀ ਸਾਲ ਦੇ ਫਰਵਰੀ 2026 ਤੱਕ ਨਿਰਧਾਰਿਤ ਕੀਤੇ ਗਏ ਟੀਚੇ ਦੀ ਤੁਲਨਾ ਵਿਚ ਮੰਡਲ ਨੇ 3 ਫ਼ੀਸਦੀ ਵੱਧ ਮਾਲੀਆ ਇਕੱਠਾ ਕਰਕੇ ਪ੍ਰਾਪਤੀ ਹਾਸਲ ਕੀਤੀ ਹੈ | ਫਰਵਰੀ 2026 ਦੀ ਮਿਆਦ ਦੌਰਾਨ ਬਿਨਾਂ ਟਿਕਟ ਯਾਤਰਾ, ਅਨਿਯਮਿਤ ਯਾਤਰਾ, ਬਿਨਾਂ ਬੁਕਿੰਗ ਸਾਮਾਨ, ਐਂਟੀ-ਲਿਟਰਿੰਗ (ਗੰਦਗੀ ਫੈਲਾਉਣਾ) ਅਤੇ ਸਿਗਰਟਨੋਸ਼ੀ ਨਾਲ ਸਬੰਧਿਤ ਕੁੱਲ 36,282 ਮਾਮਲਿਆਂ ਵਿਚ ਕਾਰਵਾਈ ਕੀਤੀ ਗਈ | 344 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ਵਿਚ ਗੰਦਗੀ ਫੈਲਾਉਣ ਕਾਰਨ (ਐਂਟੀ-ਲਿਟਰਿੰਗ ਐਕਟ) ਉਨ੍ਹਾਂ ਕੋਲੋਂ 57 ਹਜ਼ਾਰ ਰੁਪਏ ਤੋਂ ਵੱਧ ਵਸੂਲੇ ਗਏ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਵਿਚ ਟਿਕਟ ਲੈ ਕੇ ਯਾਤਰਾ ਕਰਨ | ਸਫ਼ਾਈ ਬਣਾਈ ਰੱਖਣ ਅਤੇ ਰੇਲਵੇ ਨਿਯਮਾਂ ਦੀ ਪਾਲਨਾ ਯਕੀਨੀ ਬਣਾਉਣ ਲਈ ਲਗਾਤਾਰ ਟਿਕਟ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ |
ਫ਼ਿਰੋਜ਼ਪੁਰ ਮੰਡਲ ਨੇ ਫਰਵਰੀ ਮਹੀਨੇ ਵਿਚ 2.51 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ <br/>
ਅਜੀਤ ਡੈਸਕ
03-03-2026