ਚੰਡੀਗੜ੍ਹ, 2 ਮਾਰਚ (ਅਜੀਤ ਬਿਊਰੋ)-ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ, ਜਿਸ ਦੇ ਚਲਦਿਆਂ ਗੰਗਾ ਐਕਰੋਵੂਲਜ਼ ਲਿਮਟਿਡ, ਜੋ ਕਿ ਊਨੀ ਅਤੇ ਫੈਂਸੀ ਧਾਗੇ ਦੀ ਮੋਹਰੀ ਨਿਰਮਾਤਾ ਹੈ, ਨੇ ਪੰਜਾਬ ਵਿਚ ਆਪਣੇ ਕਾਰੋਬਾਰ ਦੇ ਵਿਸਥਾਰ ਦਾ ਐਲਾਨ ਕੀਤਾ ਹੈ | ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੀਵ ਅਰੋੜਾ ਨੇ ਦੱਸਿਆ ਕਿ ਗੰਗਾ ਐਕਰੋਵੂਲਜ਼ ਲਿਮਟਿਡ 60 ਤੋਂ ਵੱਧ ਦੇਸ਼ਾਂ ਨੂੰ ਆਪਣੇ ਉਤਪਾਦ ਬਰਾਮਦ ਕਰਦੀ ਹੈ ਤੇ ਮੌਜੂਦਾ ਸਮੇਂ ਕੰਪਨੀ ਵਿਚ 5600 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਕੰਪਨੀ ਦਾ ਸਾਲਾਨਾ ਟਰਨਓਵਰ 850 ਕਰੋੜ ਰੁਪਏ ਹੈ ਤੇ ਕੰਪਨੀ ਨੇ ਪਿਛਲੇ 4 ਤੋਂ 5 ਸਾਲਾਂ ਵਿਚ 3000 ਤੋਂ ਵੱਧ ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ ਤੇ 1998 ਤੋਂ ਹਰ ਉਦਯੋਗਿਕ ਨੀਤੀ ਤਹਿਤ ਪੰਜਾਬ 'ਚ ਨਿਰੰਤਰ ਨਿਵੇਸ਼ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਕੰਪਨੀ ਆਪਣੇ ਤਾਜ਼ਾ ਨਿਵੇਸ਼ ਰਾਹੀਂ ਰੋਜ਼ਗਾਰ ਦੇ 1500 ਤੋਂ ਵੱਧ ਨਵੇਂ ਮੌਕੇ ਵੀ ਪੈਦਾ ਕਰੇਗੀ | ਨਵੇਂ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਕੰਪਨੀ ਹੁਣ ਪੰਜਾਬ ਵਿਚ 690 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ | ਜਿਸ ਵਿਚੋਂ 53 ਕਰੋੜ ਰੁਪਏ ਪਰਾਲੀ ਆਧਾਰਿਤ ਬਾਇਲਰ ਅਤੇ ਟਰਬਾਈਨ ਲਈ ਨਿਵੇਸ਼ ਕੀਤੇ ਜਾ ਰਹੇ ਹਨ | ਇਸ ਨਾਲ ਪ੍ਰਤੀ ਸਾਲ ਲਗਭਗ 120000 ਟਨ ਪਰਾਲੀ (10000 ਟਨ ਪ੍ਰਤੀ ਮਹੀਨਾ) ਦੀ ਖਪਤ ਹੋਵੇਗੀ, ਜੋ ਲਗਭਗ 20/25 ਕਿਲੋਮੀਟਰ ਦਾਇਰੇ ਅੰਦਰ ਪੈਂਦੇ ਖੇਤਾਂ 'ਚ ਪਰਾਲੀ ਸਾੜਨ ਤੋਂ ਮੁਕਤ ਕਰਨ ਵਿੱਚ ਸਹਾਈ ਹੋਵੇਗਾ | ਗੰਗਾ ਐਕਰੋਵੂਲਜ਼ ਲਿਮਟਿਡ ਦੇ ਪ੍ਰਧਾਨ ਅਮਿਤ ਥਾਪਰ ਨੇ ਕਿਹਾ ਕਿ ਨਿਵੇਸ਼ ਨੂੰ ਵਧਾ ਕੇ ਲਗਭਗ 750 ਕਰੋੜ ਕਰਨ ਜਾ ਰਹੇ ਹਾਂ | ਇਸ ਵਿਚੋਂ 400 ਕਰੋੜ ਰੁਪਏ ਦਾ ਨਿਵੇਸ਼ ਪਹਿਲਾਂ ਹੀ ਹੋ ਚੁੱਕਾ ਹੈ ਤੇ ਬਾਕੀ ਨਿਵੇਸ਼ ਅਗਲੇ 24 ਮਹੀਨਿਆਂ ਵਿਚ ਕੀਤਾ ਜਾਵੇਗਾ |
ਪੰਜਾਬ ਨੂੰ ਊਨੀ ਅਤੇ ਫੈਂਸੀ ਧਾਗੇ ਦੇ ਕਾਰੋਬਾਰ ਵਿਚ 750 ਕਰੋੜ ਰੁਪਏ ਦਾ ਨਿਵੇਸ਼ ਹਾਸਿਲ ਹੋਇਆ: ਸੰਜੀਵ ਅਰੋੜਾ <br/>
ਅਜੀਤ ਡੈਸਕ
03-03-2026