ਪੰਥਕ ਏਕਤਾ ਰਾਹੀਂ ਸਿੱਖ ਵਿਰੋਧੀ ਸ਼ਕਤੀਆਂ ਨੂੰ ਪੈ ਸਕਦੀ ਹੈ ਨੱਥ-ਮਾਨ
ਸ੍ਰੀ ਅਨੰਦਪੁਰ ਸਾਹਿਬ, 3 ਮਾਰਚ (ਜੇ.ਐਸ. ਨਿੱਕੂਵਾਲ/ਕਰਨੈਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਹੋਲਾ ਮਹੱਲਾ ਮੌਕੇ ਭਰਵੀਂ 'ਮੀਰੀ ਪੀਰੀ ਕਾਨਫ਼ਰੰਸ' ਕੀਤੀ ਗਈ | ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਇਸ ਪਵਿੱਤਰ ਅਸਥਾਨ ਤੋਂ ਗੁਰੂ ਸਾਹਿਬਾਨ ਨੇ ਨਾ-ਬਰਾਬਰੀ, ਊਚ-ਨੀਚ ਅਤੇ ਜਾਤ-ਪਾਤ ਦੇ ਖ਼ਾਤਮੇ ਲਈ ਵੱਡਾ ਅਤੇ ਇਨਕਲਾਬੀ ਫ਼ਲਸਫ਼ਾ ਦਿੱਤਾ | ਸੰਗਤਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਸਿੱਖ ਪੰਥ ਅੱਜ ਵੱਖ-ਵੱਖ ਧੜਿਆਂ ਵਿਚ ਵੰਡਿਆ ਹੋਇਆ ਹੈ | ਜਿਸਨੂੰ ਪੰਥਕ ਏਕਤਾ ਰਾਹੀਂ ਕੌਮੀ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਸਿੱਖ ਵਿਰੋਧੀ ਸ਼ਕਤੀਆਂ ਨੂੰ ਨੱਥ ਪਾਈ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਗੈਂਗਸਟਰਵਾਦ ਦੇ ਨਾਂਅ ਹੇਠ ਸਿੱਖ ਨੌਜਵਾਨਾਂ ਨੂੰ ਖ਼ਤਮ ਕਰ ਰਹੀ ਹੈ | ਮਾਨ ਨੇ ਕਿਹਾ ਕਿ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਤਕੜੇ ਹੋਕੇ ਭਾਗ ਲਵੇਗੀ ਤਾਂ ਜੋ ਦਿੱਲੀ ਤੋਂ ਧਾੜਵੀ ਬਣਕੇ ਆ ਰਹੇ ਨਰਿੰਦਰ ਮੋਦੀ, ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਆਦਿ ਤਾਕਤਵਾਰਾਂ ਨੂੰ ਟੱਕਰ ਦਿੱਤੀ ਜਾ ਸਕੇ | ਇਸ ਮੌਕੇ ਪਾਰਟੀ ਜਨਰਲ ਸਕੱਤਰ ਪ੍ਰੋ. ਮੋਹਿੰਦਰਪਾਲ ਸਿੰਘ, ਹਰਜਿੰਦਰ ਸਿੰਘ ਜੱਖੂ, ਕੁਸਲਪਾਲ ਸਿੰਘ ਮਾਨ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਜੰਟ ਸਿੰਘ ਕੱਟੂ, ਰਣਜੀਤ ਸਿੰਘ ਸੰਤੋਖਗੜ੍ਹ, ਹਰਜੀਤ ਸਿੰਘ ਚਤਾਮਲਾ, ਬਹਾਦਰ ਸਿੰਘ ਭਸੌੜ, ਗੁਰਪ੍ਰੀਤ ਸਿੰਘ ਝਾਮਪੁਰ, ਹਰਭਜਨ ਸਿੰਘ ਕਸਮੀਰੀ, ਗੁਰਨੈਬ ਸਿੰਘ, ਬੀਬੀ ਰਾਜਿੰਦਰ ਕੌਰ, ਬੀਬੀ ਮਨਦੀਪ ਕੌਰ ਸੰਧੂ, ਬੀਬੀ ਤੇਜ ਕੌਰ, ਸਿੰਗਾਰਾ ਸਿੰਘ ਬਡਲਾਂ, ਸੰਦੀਪ ਸਿੰਘ ਟਾਂਡਾ, ਗੁਰਬਚਨ ਸਿੰਘ ਪਵਾਰ, ਗੁਰਨਾਮ ਸਿੰਘ ਸਿੰਗੜੀਵਾਲ, ਪ੍ਰੀਤਮ ਸਿੰਘ ਮਾਨਗੜ੍ਹ, ਦਰਸ਼ਨ ਸਿੰਘ ਮੰਡੇਰ, ਧਰਮ ਸਿੰਘ ਕਲੌੜ, ਦਰਸ਼ਨ ਸਿੰਘ ਭਾਉ, ਦਰਸ਼ਨ ਸਿੰਘ ਸੰਧੂ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ |
ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਹੋਲਾ ਮਹੱਲਾ ਮੌਕੇ ਭਰਵੀਂ 'ਮੀਰੀ ਪੀਰੀ ਕਾਨਫ਼ਰੰਸ'
ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਹੋਲਾ ਮਹੱਲਾ ਮੌਕੇ ਕੀਤੀ ਗਈ 'ਮੀਰੀ ਪੀਰੀ ਕਾਨਫ਼ਰੰਸ' ਦੌਰਾਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਹੋਰ ਸ਼ਖ਼ਸੀਅਤਾਂ | ਤਸਵੀਰ : ਮੁਨੀਸ਼<br/>
04-03-2026