ਚੰਡੀਗੜ੍ਹ, 3 ਮਾਰਚ (ਬਿਊਰੋ ਚੀਫ਼)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਪੰਜਾਬ ਮੰਤਰੀ ਮੰਡਲ ਦੀ ਇਕ ਜ਼ਰੂਰੀ ਬੈਠਕ ਬਜਟ ਇਜਲਾਸ ਦੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ, 5 ਮਾਰਚ ਨੂੰ ਆਪਣੇ ਨਿਵਾਸ ਅਸਥਾਨ 'ਤੇ ਸੱਦੀ ਗਈ ਹੈ | ਮੁੱਖ ਮੰਤਰੀ ਜੋ ਮਗਰਲੇ ਇਕ ਹਫ਼ਤੇ ਤੋਂ ਬੈਂਗਲੁਰੂ ਦੇ ਇਕ ਕੁਦਰਤੀ ਤਰੀਕਿਆਂ ਨਾਲ ਇਲਾਜ ਕਰਨ ਵਾਲੇ ਕੇਂਦਰ ਵਿਚ ਹਨ, ਕੱਲ੍ਹ ਰਾਤ ਵਾਪਸ ਚੰਡੀਗੜ੍ਹ ਪਰਤ ਆਉਣਗੇ | ਸਮਝਿਆ ਜਾਂਦਾ ਹੈ ਕਿ ਮੰਤਰੀ ਮੰਡਲ ਦੀ ਇਸ ਮੀਟਿੰਗ ਵਿਚ ਬਜਟ ਇਜਲਾਸ ਨਾਲ ਸਬੰਧਿਤ ਕੰਮ 'ਤੇ ਵਿਚਾਰ ਤੇ ਪ੍ਰਵਾਨਗੀਆਂ ਦਿੱਤੀਆਂ ਜਾਣੀਆਂ ਹਨ | ਰਾਜ ਦੇ ਮੁੱਖ ਸਕੱਤਰ ਦੇ ਦਫ਼ਤਰ ਵਲੋਂ ਇਜਲਾਸ ਦੀ ਪਹਿਲੀ ਬੈਠਕ ਵਿਚ ਰਾਜਪਾਲ ਪੰਜਾਬ ਵਲੋਂ ਪੜ੍ਹੇ ਜਾਣ ਵਾਲਾ ਜੋ ਭਾਸ਼ਣ ਤਿਆਰ ਕਰਵਾਇਆ ਗਿਆ ਹੈ, ਉਸ ਨੂੰ ਮੰਤਰੀ ਮੰਡਲ ਵਲੋਂ ਵਿਚਾਰ ਕੇ ਰਿਵਾਇਤੀ ਪ੍ਰਵਾਨਗੀ ਵੀ ਦਿੱਤੀ ਜਾਣੀ ਹੈ | ਇਸੇ ਤਰ੍ਹਾਂ ਆਉਂਦੇ ਵਿੱਤੀ ਸਾਲ ਲਈ ਰਾਜ 8 ਮਾਰਚ ਨੂੰ ਇਜਲਾਸ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਜਾਣ ਵਾਲੇ ਸਾਲਾਨਾ ਬਜਟ ਨੂੰ ਵੀ ਮੰਤਰੀ ਮੰਡਲ ਵਲੋਂ ਪ੍ਰਵਾਨਗੀ ਦਿੱਤੀ ਜਾਣੀ ਹੈ | ਆਮ ਆਦਮੀ ਪਾਰਟੀ ਦੇ ਮੌਜੂਦਾ ਕਾਰਜਕਾਲ ਦਾ ਇਹ ਆਖਰੀ ਬਜਟ ਹੈ, ਇਸ ਲਈ ਸਮਝਿਆ ਜਾਂਦਾ ਹੈ ਕਿ ਸਰਕਾਰ ਆਪਣੀਆਂ ਬਜਟ ਤਜਵੀਜ਼ਾਂ ਵਿਚ ਔਰਤਾਂ ਨੂੰ ਦਿੱਤੀ ਜਾਣ ਵਾਲੀ 1100 ਰੁਪਏ ਮਹੀਨਾ ਦੀ ਰਾਸ਼ੀ ਤੋਂ ਇਲਾਵਾ ਆਪਣੇ ਸਾਰੇ ਚੋਣ ਵਾਅਦਿਆਂ ਸਬੰਧੀ ਕਾਰਵਾਈ ਕਰਨਾ ਚਾਹੁੰਦੀ ਹੈ | ਰਾਜ ਸਰਕਾਰ 300 ਯੂਨਿਟ ਤਕ ਮੁਫ਼ਤ ਬਿਜਲੀ ਦੇਣ ਅਤੇ ਹਰੇਕ ਪਰਿਵਾਰ ਨੂੰ 10 ਲੱਖ ਦਾ ਸਿਹਤ ਬੀਮਾ ਦੇਣ ਦਾ ਫੈਸਲਾ ਪਹਿਲਾਂ ਹੀ ਅਮਲ ਵਿਚ ਲਿਆ ਚੁੱਕੀ ਹੈ | ਇਸੇ ਤਰ੍ਹਾਂ ਹੁਣ ਸਰਕਾਰ ਗਰੀਬੀ ਰੇਖਾ ਵਿਚਲੇ ਪਰਿਵਾਰਾਂ ਨੂੰ ਅਨਾਜ ਨਾਲ ਦਾਲ, ਖੰਡ ਤੇ ਤੇਲ ਆਦਿ ਦੇਣ ਦਾ ਐਲਾਨ ਵੀ ਕਰ ਚੁੱਕੀ ਹੈ | ਵਿਧਾਨ ਸਭਾ ਹਲਕਿਆਂ ਵਿਚਲੇ ਕਈ ਥਾਵਾਂ 'ਤੇ ਅਧੂਰੇ ਰਹਿ ਗਏ ਵਿਕਾਸ ਕਾਰਜਾਂ ਲਈ ਵੀ ਇਸ ਬਜਟ ਵਿਚ ਧੰਨ ਜੁਟਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਜਦੋਂ ਕਿ ਸਰਕਾਰ ਸਿਹਤ ਸੇਵਾਵਾਂ, ਸਿੱਖਿਆ ਖੇਤਰ, ਸਿੰਚਾਈ ਤੇ ਸਰਕਾਰੀ ਸੇਵਾਵਾਂ ਵਿਚ ਲਿਆਉਂਦੇ ਗਏ ਸੁਧਾਰਾਂ ਦਾ ਵੀ ਇਸ ਇਜਲਾਸ ਵਿਚ ਖੁਲਾਸਾ ਕਰੇਗੀ | ਮੰਤਰੀ ਮੰਡਲ ਦੀ ਇਸ ਬੈਠਕ ਵਿਚ ਬਜਟ ਇਜਲਾਸ ਦੌਰਾਨ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਤੋਂ ਇਲਾਵਾ ਦੂਜੇ ਕੰਮਕਾਜ ਲਈ ਵੀ ਪ੍ਰਵਾਨਗੀ ਦਿੱਤੀ ਜਾਣੀ ਹੈ |