ਨਵੀਂ ਦਿੱਲੀ, 3 ਮਾਰਚ (ਪੀ. ਟੀ. ਆਈ.)-ਭਾਰਤੀ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਉਦੈ ਭਾਨੂ ਚਿਬ, ਜਿਨ੍ਹਾਂ ਨੂੰ ਪਿਛਲੇ ਮਹੀਨੇ 'ਏ.ਆਈ. ਇਮਪੈਕਟ ਸਮਿਟ' ਵਿਚ 'ਸ਼ਰਟ ਰਹਿਤ ਵਿਰੋਧ' ਲਈ ਗਿ੍ਫ਼ਤਾਰ ਕੀਤਾ ਗਿਆ ਸੀ, ਨੂੰ ਤਿਹਾੜ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ | ਇਹ ਘਟਨਾਕ੍ਰਮ ਦਿੱਲੀ ਹਾਈ ਕੋਰਟ ਵਲੋਂ ਸੈਸ਼ਨ ਅਦਾਲਤ ਦੇ ਹੁਕਮ 'ਤੇ ਰੋਕ ਲਗਾਉਣ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ਨੇ ਚਿਬ ਦੀ ਜ਼ਮਾਨਤ 'ਤੇ ਰੋਕ ਲਗਾ ਦਿੱਤੀ ਸੀ | ਐਤਵਾਰ ਨੂੰ ਜਸਟਿਸ ਸੌਰਭ ਬੈਨਰਜੀ ਨੇ ਆਈ.ਵਾਈ.ਸੀ. ਮੁਖੀ ਵਲੋਂ ਮੈਜਿਸਟ੍ਰੇਟ ਦੇ ਜ਼ਮਾਨਤ ਆਦੇਸ਼ 'ਤੇ ਰੋਕ ਲਗਾਉਣ ਦੇ ਸੈਸ਼ਨ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕੀਤੀ | ਮੈਜਿਸਟ੍ਰੇਟ ਨੇ 28 ਫਰਵਰੀ ਨੂੰ ਚਿਬ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਕੁਝ ਘੰਟਿਆਂ ਦੇ ਅੰਦਰ ਹੀ ਸੈਸ਼ਨ ਅਦਾਲਤ ਨੇ ਰਾਹਤ ਰੋਕ ਦਿੱਤੀ ਸੀ | ਉਸ ਨੂੰ 24 ਫਰਵਰੀ ਨੂੰ ਇਕ ਹੇਠਲੀ ਅਦਾਲਤ ਨੇ ਚਾਰ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਸੀ | ਚਿਬ ਨੂੰ 20 ਫਰਵਰੀ ਨੂੰ ਭਾਰਤ ਮੰਡਪਮ ਵਿਖੇ 'ਏ.ਆਈ. ਇਮਪੈਕਟ ਸਮਿਟ ਇੰਡੀਆ' ਵਿਚ ਯੂਥ ਕਾਂਗਰਸ ਦੇ ਵਰਕਰਾਂ ਦੁਆਰਾ 'ਸ਼ਰਟ ਰਹਿਤ ਵਿਰੋਧ' ਦੇ ਸੰਬੰਧ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ |
ਭਾਰਤੀ ਯੂਥ ਕਾਂਗਰਸ ਦੇ ਮੁਖੀ ਉਦੈ ਭਾਨੂ ਰਿਹਾਅ <br/>
ਅਜੀਤ ਡੈਸਕ
04-03-2026