ਰਾਮਪੁਰਾ ਫੂਲ (ਬਠਿੰਡਾ), 11 ਅਪ੍ਰੈਲ, (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਵਿਚ ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ਤੋਂ ਮੁਕਤ ਕੀਤੇ ਜਾਣ ਦੇ ਦਾਅਵਿਆਂ ਦੇ ਉਲਟ ਹਜ਼ਾਰਾਂ ਅਧਿਆਪਕਾਂ ਨੂੰ ਬੂਥ ਲੈਵਲ ਅਫ਼ਸਰਾਂ ਤੇ ਜਨਗਣਨਾ, ਐਸ.ਆਈ.ਆਰ. ਤੇ ਨਸ਼ਿਆਂ ਸੰਬੰਧੀ ਗਣਨਾ ਦੀਆਂ ਡਿਊਟੀਆਂ ਕਰਨ ਲਈ ਹੁਕਮ ਚਾੜੇ ਜਾ ਰਹੇ ਹਨ | ਦੂਜੇ ਪਾਸੇ ਅਪ੍ਰੈਲ ਮਹੀਨੇ ਵਿਚ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੁੰਦਿਆਂ ਹੀ 15-15 ਦਿਨਾਂ ਤੋਂ ਅਧਿਆਪਕ ਸਕੂਲਾਂ ਤੋਂ ਬਾਹਰ ਹਨ ਜਦਕਿ ਇਨ੍ਹਾਂ ਦਿਨਾਂ ਵਿਚ ਹੀ ਅਧਿਆਪਕਾਂ ਨੇ ਬੱਚਿਆਂ ਦਾ ਦਾਖ਼ਲਾ ਕਰਨਾ ਹੁੰਦਾ ਹੈ | ਉਧਰ ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨ ਵਿਚਾਲੇ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਲੈ ਕੇ ਇੱਕ ਵੱਡਾ ਟਕਰਾਅ ਪੈਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਅਧਿਆਪਕਾਂ ਨੇ ਬਠਿੰਡਾ ਜ਼ਿਲ੍ਹੇ ਦੇ ਹਾਲਾਤ ਬਿਆਨ ਕਰਦੇ ਹੋਏ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਿੱਖਿਆ ਪ੍ਰਤੀ ਰਵੱਈਆ ਬੇਹੱਦ ਗੈਰ-ਸੰਵੇਦਨਸ਼ੀਲ ਹੈ | ਵਿਭਾਗੀ ਦਸਤਾਵੇਜ਼ਾਂ ਮੁਤਾਬਿਕ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਬਠਿੰਡਾ ਨੇ ਮਿਤੀ 7 ਅਪ੍ਰੈਲ 2026 ਨੂੰ ਇੱਕ ਪੱਤਰ ਜਾਰੀ ਕੀਤਾ ਜਿਸ ਦਾ ਵਿਸ਼ਾ ਅਧਿਆਪਕਾਂ/ਕਰਮਚਾਰੀਆਂ ਦੀ ਡਿਊਟੀ ਗੈਰ ਵਿੱਦਿਅਕ ਕੰਮਾਂ ਵਿਚ ਲੱਗੀ ਹੋਣ ਸੰਬੰਧੀ ਸੀ | ਡੀ.ਈ.ਓ. ਵਲੋਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਗੈਰ-ਵਿੱਦਿਅਕ ਕੰਮਾਂ ਵਿਚ ਲੱਗੇ ਕਰਮਚਾਰੀਆਂ ਨੂੰ ਸਵੇਰੇ 8:00 ਤੋਂ 11:00 ਵਜੇ ਤੱਕ ਸਕੂਲ ਵਿਚ ਹਾਜ਼ਰੀ ਦਿੰਦੇ ਹੋਏ ਇਨਰੋਲਮੈਂਟ ਤੇ ਹੋਰ ਜ਼ਰੂਰੀ ਵਿੱਦਿਅਕ ਗਤੀਵਿਧੀਆਂ ਪੂਰੀਆਂ ਕਰਨ ਲਈ ਪਾਬੰਦ ਕੀਤਾ ਜਾਵੇ | ਪ੍ਰੰਤੂ, ਇਸ ਦੇ ਜਵਾਬ ਵਿਚ ਚੋਣਕਾਰ ਰਜਿਸਟਰੇਸ਼ਨ ਅਫ਼ਸਰ, 092-ਬਠਿੰਡਾ (ਸ਼ਹਿਰੀ)-ਕਮ-ਉਪ ਮੰਡਲ ਮੈਜਿਸਟਰੇਟ ਨੇ ਮਿਤੀ 10 ਅਪ੍ਰੈਲ 2026 ਨੂੰ ਇੱਕ ਜਵਾਬੀ ਪੱਤਰ ਜਾਰੀ ਕਰਦਿਆਂ ਡੀ.ਈ.ਓ. ਨੂੰ ਸਿੱਧੀ ਚੇਤਾਵਨੀ ਦੇ ਦਿੱਤੀ | ਐਸ.ਡੀ.ਐਮ. ਨੇ ਲਿਖਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰਬ ਵਿਸ਼ੇਸ਼ ਸਘਨ ਸੁਧਾਈ 2026 ਦਾ ਕੰਮ ਪ੍ਰਗਤੀ ਅਧੀਨ ਹੈ | ਚੋਣ ਡਿਊਟੀ ਨਿਭਾ ਰਹੇ ਕਰਮਚਾਰੀਆਂ ਨੂੰ ਦਫ਼ਤਰ ਜਾਂ ਕਿਸੇ ਹੋਰ ਕੰਮ ਲਈ ਪਾਬੰਦ ਕਰਨ ਤੋਂ ਗੁਰੇਜ਼ ਕੀਤਾ ਜਾਵੇ | ਇੰਨਾ ਹੀ ਨਹੀਂ, ਐਸ.ਡੀ.ਐਮ. ਨੇ ਡੀ.ਈ.ਓ. ਨੂੰ ਤਾੜਨਾ ਕੀਤੀ ਕਿ ਜੇਕਰ ਚੋਣਾਂ ਦੇ ਕੰਮ ਵਿਚ ਵਿਘਨ ਪਿਆ ਤਾਂ ਇਸ ਦੀ ਨਿੱਜੀ ਜ਼ਿੰਮੇਵਾਰੀ ਡੀ.ਈ.ਓ. ਦੀ ਹੋਵੇਗੀ | ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਵਲੋਂ ਮਿਤੀ 13 ਮਾਰਚ 2026 ਨੂੰ ਜਾਰੀ ਪੱਤਰ ਮੁਤਾਬਿਕ ਪੰਜਾਬ ਵਿਚ ਨਸ਼ਿਆਂ ਦੀ ਗਣਨਾ ਪ੍ਰੋਗਰਾਮ 12 ਮਾਰਚ 2026 ਤੋਂ ਉਲੀਕਿਆ ਗਿਆ ਹੈ | ਇਸ ਸਰਵੇਖਣ ਲਈ ਅਧਿਆਪਕਾਂ ਨੂੰ (ਗਣਨਾਕਾਰ) ਵਜੋਂ ਆਨਲਾਈਨ ਅਪਲਾਈ ਕਰਨ ਲਈ ਕਿਹਾ ਗਿਆ | ਗਣਨਾਕਾਰਾਂ ਨੂੰ ਲਗਭਗ 250 ਘਰਾਂ ਦਾ ਇੱਕ ਬੂਥ ਅਲਾਟ ਕੀਤਾ ਜਾਵੇਗਾ | ਇੱਕ ਪਾਸੇ ਅਧਿਆਪਕ ਜਨਗਣਨਾ ਤੇ ਵੋਟਾਂ ਦੇ ਕੰਮਾਂ ਵਿਚ ਰੁੱਝੇ ਹਨ, ਦੂਜੇ ਪਾਸੇ ਐਸ.ਸੀ.ਈ.ਆਰ.ਟੀ. ਵਲੋਂ ਮਿਤੀ 2 ਅਪ੍ਰੈਲ 2026 ਨੂੰ ਵਿੱਦਿਅਕ ਸੰਸਥਾਵਾਂ ਵਿਚ ਨਸ਼ਾਖੋਰੀ ਰੋਕਣ ਲਈ ਤਿੰਨ ਸਾਲਾ ਐਕਸ਼ਨ ਪਲਾਨ (2026-2029) ਲਾਗੂ ਕਰਨ ਦਾ ਫ਼ੁਰਮਾਨ ਆ ਗਿਆ ਹੈ | ਸਕੂਲਾਂ ਦੇ 500 ਮੀਟਰ ਦੇ ਘੇਰੇ ਨੂੰ 'ਡਰੱਗ ਫਰੀ ਜ਼ੋਨ' ਐਲਾਨਣਾ ਹੈ | ਸਕੂਲ ਮੁਖੀ ਜਾਂ ਨੋਡਲ ਅਧਿਆਪਕ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਨਸ਼ਿਆਂ ਸੰਬੰਧੀ ਨਿਯਮਾਂ ਦੀ ਉਲੰਘਣਾ ਦੀ ਰਿਪੋਰਟ ਸਥਾਨਕ ਪੁਲਿਸ ਨੂੰ ਦੇਣ | ਇਹ ਮੁਹਿੰਮ 31 ਮਾਰਚ 2026 ਤੋਂ ਸ਼ੁਰੂ ਕੀਤੀ ਗਈ ਹੈ | ਸਕੂਲਾਂ ਵਿਚੋਂ ਦੋ-ਦੋ, ਤਿੰਨ-ਤਿੰਨ ਅਧਿਆਪਕ ਲਗਾਤਾਰ 15-15 ਦਿਨਾਂ ਤੋਂ ਬਾਹਰ ਹਨ | ਐਸ.ਐਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਪਰ ਅਪਾਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਸਿੱਖਿਆ ਪ੍ਰਤੀ ਰਵੱਈਆ ਬਿਲਕੁਲ ਗੈਰ ਸੰਵੇਦਨਸ਼ੀਲ ਹੈ | ਪੰਜਾਬ ਵਿਚ ਕਰੀਬ 24,500 ਚੋਣ ਬੂਥ ਹਨ, ਜਿੱਥੇ ਲਗਭਗ 24,500 ਸਰਕਾਰੀ ਮੁਲਾਜ਼ਮ (ਜ਼ਿਆਦਾਤਰ ਅਧਿਆਪਕ) ਬਤੌਰ ਬੂਥ ਲੈਵਲ ਅਫ਼ਸਰ ਡਿਊਟੀ ਦੇ ਰਹੇ ਹਨ | ਇਸੇ ਤਰ੍ਹਾਂ ਮਈ 2026 ਤੋਂ ਸ਼ੁਰੂ ਹੋਣ ਵਾਲੀ ਜਨਗਣਨਾ ਲਈ ਪੰਜਾਬ ਵਿਚ ਲਗਭਗ 65,000 ਮੁਲਾਜ਼ਮਾਂ ਦੀ ਡਿਊਟੀ ਲੱਗੀ ਹੈ, ਜਿਸ ਵਿਚ 70 ਫ਼ੀਸਦੀ ਸਕੂਲ ਅਧਿਆਪਕ ਹਨ | ਸਿੱਖਿਆ ਮੰਤਰੀ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ, ਪੰਜਾਬ ਦਾ ਸਿੱਖਿਆ ਢਾਂਚਾ ਅੱਜ ਵੀ ਹੋਰ ਵਿਭਾਗਾਂ ਦੇ ਕੰਮਾਂ ਹੇਠ ਦੱਬਿਆ ਪਿਆ ਹੈ | ਕੀ ਪੰਜਾਬ ਵਿਚ ਬੱਚਿਆਂ ਦਾ ਭਵਿੱਖ ਸੰਵਾਰਨ ਵਾਲੇ ਅਧਿਆਪਕ ਸਿਰਫ਼ ਗਣਨਾਕਾਰ ਅਤੇ ਬੀ.ਐਲ.ਓ. ਬਣ ਕੇ ਹੀ ਰਹਿ ਜਾਣਗੇ?