ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵਿਸਾਖੀ ਜੋੜ ਮੇਲ ਦੇ ਦੂਜੇ ਦਿਨ ਲੱਖਾਂ ਸੰਗਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ

Ad Position 21
No active advertisement
ਅਜੀਤ ਡੈਸਕ 14-04-2026
ਤਲਵੰਡੀ ਸਾਬੋ, 13 ਅਪ੍ਰੈਲ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)-ਖ਼ਾਲਸਾ ਸਾਜਨਾ ਦਿਵਸ 'ਵਿਸਾਖੀ' ਮੌਕੇ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਜਾਏ ਗਏ ਜੋੜ ਮੇਲ ਦੇ ਦੂਜੇ ਦਿਨ ਵੀ ਅੱਜ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ 'ਚ ਨਤਮਸਤਕ ਹੋਈਆਂ | ਇਸ ਮੌਕੇ ਜਿੱਥੇ ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਦੀਵਾਨ ਸਜਾਏ ਗਏ ਉੱਥੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵਲੋਂ ਸੰਗਤਾਂ ਲਈ ਲੰਗਰ ਲਗਾਏ ਗਏ | ਤਖਤ ਸਾਹਿਬ ਵਿਖੇ ਧਾਰਮਿਕ ਦੀਵਾਨਾਂ ਦੌਰਾਨ ਤਖਤ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜੀ ਰੱਖਿਆ | ਉਕਤ ਸਮਾਗਮਾਂ 'ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਵੀ ਹਾਜ਼ਰੀ ਲਵਾਈ | ਉਨ੍ਹਾਂ ਨੇ ਸੰਗਤ ਨੂੰ ਸੰਬੋਧਨ ਦੌਰਾਨ ਖੰਡੇ ਬਾਟੇ ਦੀ ਪਾਹੁਲ ਛਕਣ ਦੀ ਅਪੀਲ ਕੀਤੀ | ਇਸ ਮੌਕੇ ਗੱਲ ਕਰਦਿਆਂ ਜਥੇਦਾਰ ਬਾਬਾ ਟੇਕ ਸਿੰਘ ਨੇ ਕਿਹਾ ਕਿ ਮੁੱਖ ਸਮਾਗਮ 14 ਅਪ੍ਰੈਲ (1 ਵੈਸਾਖ) ਨੂੰ ਹੋਣਗੇ ਜਿਨ੍ਹਾਂ ਵਿਚ ਜਿੱਥੇ ਪੰਥ ਪ੍ਰਸਿੱਧ ਰਾਗੀ ਜਥੇ ਸੰਗਤਾਂ ਨੂੰ ਸ਼ਬਦ ਕੀਰਤਨ ਨਾਲ ਨਿਹਾਲ ਕਰਨਗੇ ਉੱਥੇ ਪ੍ਰਸਿੱਧ ਕਥਾਵਾਚਕ ਕਥਾ ਵੀਚਾਰਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਤੋਂ ਜਾਣੂੰ ਕਰਵਾਉਣਗੇ | ਸਿੰਘ ਸਾਹਿਬ ਮੁਤਾਬਿਕ ਮੁੱਖ ਸਮਾਗਮਾਂ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਉੱਚ ਧਾਰਮਿਕ ਸ਼ਖ਼ਸੀਅਤਾਂ ਹਾਜ਼ਰੀ ਭਰਨਗੀਆਂ | ਉੱਧਰ ਬਾਬਾ ਜਮਨਾ ਦਾਸ ਦੁੱਨੇਵਾਲਾ, ਬਾਬਾ ਲਾਲ ਦਾਸ ਜਲਾਲ, ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਤਲਵੰਡੀ ਸਾਬੋ ਸਮੇਤ ਵੱਡੀ ਗਿਣਤੀ ਜਥੇਬੰਦੀਆਂ ਅਤੇ ਪਿੰਡਾਂ ਦੀਆਂ ਸੰਗਤਾਂ ਵਲੋਂ ਸਮੁੱਚੇ ਮੇਲਾ ਖੇਤਰ 'ਚ ਜਿੱਥੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਹਨ ਉੱਥੇ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਤਿੰਨ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਹੈ | ਇਸੇ ਤਰ੍ਹਾਂ ਅਕਾਲ ਯੂਨੀਵਰਸਿਟੀ ਵਲੋਂ ਜੋੜ ਮੇਲ 'ਤੇ ਆ ਰਹੇ ਬੱਚਿਆਂ ਤੋਂ ਸਿੱਖ ਇਤਿਹਾਸ ਸਬੰਧੀ ਸਵਾਲ ਪੁੱਛ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ | ਦਸਤਾਰ ਸਜਾਉਣ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਈ ਜਥੇਬੰਦੀਆਂ ਵੱਲੋਂ ਦਸਤਾਰ ਟ੍ਰੇਨਿੰਗ ਕੈਂਪ ਲਗਾਏ ਗਏ ਹਨ | ਦੂਜੇ ਪਾਸੇ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਵਿਖੇ ਵੀ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਈਆਂ | ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ ਨੇ ਦੱਸਿਆ ਕਿ ਅੱਜ ਕਵੀਸ਼ਰੀ ਦਰਬਾਰ ਕਰਵਾਇਆ ਗਿਆ ਜਿਸ 'ਚ ਪ੍ਰਮੁੱਖ ਕਵੀਸ਼ਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸੰਗਤਾਂ ਨੂੰ ਖ਼ਾਲਸਾ ਸਾਜਨਾ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ | ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਆਰੰਭ ਹੋ ਗਏ ਹਨ | ਇੱਥੇ ਮੁੱਖ ਸਮਾਗਮ 15 ਅਪ੍ਰੈਲ ਨੂੰ ਹੋਣਗੇ ਅਤੇ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘਾਂ ਫ਼ੌਜਾਂ ਵਲੋਂ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਸਜਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਤਖ਼ਤ ਸਾਹਿਬ 'ਤੇ ਕੀਤੀ ਦੀਪਮਾਲਾ ਦੀ ਅਲੌਕਿਕ ਤਸਵੀਰ | ਅਗਲੀ ਖ਼ਬਰ ਹਾਈ ਕੋਰਟ ਨੇ ਬੈਂਕ ਖਾਤੇ ਡੀਫ੍ਰੀਜ਼ ਕਰਨ ਤੋਂ ਕੀਤਾ ਇਨਕਾਰ
Ad Position 24
No active advertisement