ਪਟਿਆਲਾ, 17 ਅਪ੍ਰੈਲ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੀ ਬਾਜਵਾ ਕਾਲੋਨੀ ਵਿਖੇ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਕਰਵਾਏ ਜਨ ਸਿਹਤ ਜਾਗਰੂਕਤਾ ਅਤੇ ਬਿਮਾਰੀ ਰੋਕਥਾਮ ਮੁਹਿੰਮ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ | ਇਹ ਮੁਹਿੰਮ ਖਾਸ ਤੌਰ 'ਤੇ ਡੇਂਗੂ ਅਤੇ ਪੀਣ ਵਾਲੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕਰਨ 'ਤੇ ਕੇਂਦਰਿਤ ਹੈ | ਇਸ ਮੌਕੇ ਸਿਹਤ ਮੰਤਰੀ ਨੇ 'ਹਰ ਸ਼ੁੱਕਰਵਾਰ ਡੇਂਗੂ ਤੇ ਵਾਰ' ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ | ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਫ਼-ਸੁਥਰਾ ਮਾਹੌਲ ਹੀ ਤੰਦਰੁਸਤ ਜੀਵਨ ਦੀ ਬੁਨਿਆਦ ਹੈ | ਸਿਹਤ ਮੰਤਰੀ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ ਮਿਲ ਕੇ ਪੰਜਾਬ ਦੇ ਹਰ ਘਰ ਤੱਕ ਸਿਹਤ ਜਾਗਰੂਕਤਾ ਪਹੁੰਚਾਈਏ ਅਤੇ ਸਾਫ਼-ਸੁਥਰੇ ਤੇ ਤੰਦਰੁਸਤ ਪੰਜਾਬ ਦੀ ਨੀਂਹ ਹੋਰ ਮਜ਼ਬੂਤ ਕਰੀਏ | ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਬਿਮਾਰੀਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ | ਇਸ ਮੌਕੇ ਐਸ.ਡੀ.ਐਮ. ਹਰਜੋਤ ਕੌਰ, ਡਾ. ਸ਼ੈਲੀ ਜੇਟਲੀ ਜ਼ਿਲ੍ਹਾ ਐਪੀਡੀਮੋਲੋਜਿਸਟ, ਡਾ. ਸੁਮੀਤ ਸਿੰਘ, ਐਸ. ਐਮ. ਓ. ਡਾ. ਪਰਨੀਤ ਕੌਰ ਆਦਿ ਮੌਜੂਦ ਸਨ |