ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰ ਕੋਛੜ)-ਪਹਿਲਗਾਮ ਹਮਲੇ 'ਚ ਸ਼ਾਮਿਲ ਅੱਤਵਾਦੀਆਂ ਦਾ ਹੈਂਡਲਰ ਸ਼ੇਖ਼ ਸਾਜਿਦ ਗੁੱਲ ਮੌਜੂਦਾ ਸਮੇਂ ਪਾਕਿਸਤਾਨ 'ਚ ਸਲੀਮ ਲੰਗੜਾ ਵਜੋਂ ਪਹਿਚਾਣ ਬਦਲ ਕੇ ਰਹਿ ਰਿਹਾ ਹੈ | ਅੱਤਵਾਦੀ ਸਮੂਹ ਲਸ਼ਕਰ-ਏ-ਤਾਇਬਾ ਅਤੇ ਟੀ. ਆਰ. ਐੱਫ. (ਦੀ ਰੇਜਿਸਟੇਂਟ ਫ਼ਰੰਟ) ਦੇ ਇਸ ਚੋਟੀ ਦੇ ਅੱਤਵਾਦੀ ਨੇ ਆਪਣੀ ਪਛਾਣ ਅਤੇ ਦਿੱਖ ਬਦਲ ਲਈ ਹੈ | ਕੁਝ ਮੀਡੀਆ ਰਿਪੋਰਟਾਂ 'ਚ ਉਸ ਦੇ ਪਾਕਿ 'ਚ ਮੌਜੂਦ ਹੋਣ ਦੇ ਦਾਅਵਿਆਂ ਦੇ ਨਾਲ ਹੀ ਉਸ ਦੇ ਪਾਕਿਸਤਾਨ ਵਿਚਲੇ ਟਿਕਾਣਿਆਂ ਬਾਰੇ ਵੀ ਵੇਰਵੇ ਸਾਂਝੇ ਕੀਤੇ ਗਏ ਹਨ | ਦੱਸਣਯੋਗ ਹੈ ਕਿ ਭਾਰਤੀ ਜਾਂਚ ਏਜੰਸੀ ਐੱਨ. ਆਈ. ਏ. ਨੂੰ ਜਾਂਚ ਦੇ ਦੌਰਾਨ ਸ਼ੇਖ਼ ਸਾਜਿਦ ਗੁੱਲ ਉਰਫ਼ ਸੈਫੁੱਲਾ ਸਾਜਿਦ ਦੇ ਪਹਿਲਗਾਮ ਅੱਤਵਾਦੀ ਹਮਲੇ ਦੇ ਅਸਲ ਦੋਸ਼ੀ ਹੋਣ ਦੇ ਸਬੂਤ ਹਾਸਿਲ ਹੋਏ ਸਨ | ਜਿਸ ਤੋਂ ਬਾਅਦ ਉਸ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ | ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਅੱਤਵਾਦੀ ਦਾ ਅਸਲ ਨਾਂਅ ਹਬੀਬੁੱਲਾ ਤਬੱਸਮ ਹੈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਜਿਦ ਗੁੱਲ ਆਪਣੀ ਜਾਨ ਬਚਾਉਣ ਲਈ ਪਾਕਿ 'ਚ ਇਕ ਥਾਂ ਤੋਂ ਦੂਜੀ ਜਗ੍ਹਾ ਵੱਲ ਭੱਜ ਰਿਹਾ ਹੈ | ਉਸ ਦੇ ਸਾਹਮਣੇ ਆਏ ਦਸਤਾਵੇਜ਼ਾਂ ਮੁਤਾਬਿਕ ਉਸ ਦੇ ਤਿਆਰ ਕੀਤੇ ਨਵੇਂ ਸ਼ਨਾਖ਼ਤੀ ਕਾਰਡ 'ਚ ਉਸ ਦੀ ਉਮਰ ਅਤੇ ਨਾਂਅ ਬਦਲ ਦਿੱਤਾ ਗਿਆ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਪਹਿਚਾਣ ਬਦਲ ਕੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਸਰਪ੍ਰਸਤੀ ਹੇਠ ਇਕ ਅੱਤਵਾਦੀ ਕਮਾਂਡਰ ਵਾਂਗ ਨਹੀਂ, ਸਗੋਂ ਇਕ ਬਹੁਤ ਹੀ ਆਮ ਆਦਮੀ ਵਾਂਗ ਪਾਕਿ ਦੇ ਕਸੂਰ ਅਤੇ ਰਾਵਲਪਿੰਡੀ ਸ਼ਹਿਰਾਂ 'ਚ ਕਿਰਾਏ ਦੇ ਘਰਾਂ 'ਚ ਰਹਿ ਰਿਹਾ ਹੈ | ਪਾਕਿ 'ਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਵੱਡੀ ਗਿਣਤੀ 'ਚ ਮਾਰੇ ਜਾ ਰਹੇ ਅੱਤਵਾਦੀ ਕਮਾਂਡਰਾਂ ਕਾਰਨ ਸੋਚੀ ਸਮਝੀ ਸਾਜ਼ਿਸ਼ ਅਧੀਨ ਉਸ ਨੂੰ ਉੱਥੇ ਆਮ ਵਿਅਕਤੀਆਂ ਵਾਂਗ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ |
ਪਾਕਿ 'ਚ ਲੁਕਿਆ ਹੈ ਪਹਿਲਗਾਮ ਹਮਲੇ ਦਾ ਹੈਂਡਲਰ ਸਾਜਿਦ ਗੁੱਲ <br/>
ਅਜੀਤ ਡੈਸਕ
22-04-2026