ਗੋਪਾਲ ਸੋਫਤ
ਸਮਰਾਲਾ (ਲੁਧਿਆਣਾ), 8 ਮਈ -ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਹੋਰਨਾਂ ਅਹੁਦਿਆਂ ਦੀ ਚੋਣ ਲਈ ਪਾਰਟੀ ਵਲੋਂ ਕਰਵਾਈ ਅਤੇ ਮਾਰਚ ਮਹੀਨੇ ਵਿਚ ਮੁਕੰਮਲ ਹੋਈ ਚੋਣ ਦਾ ਨਤੀਜਾ 20 ਮਈ ਤੱਕ ਆਉਣ ਦੀ ਸੰਭਾਵਨਾ ਹੈ | ਇਨ੍ਹਾਂ ਚੋਣਾਂ ਵਿਚ ਜਿੱਤ ਕੇ ਪ੍ਰਧਾਨ ਅਤੇ ਹੋਰ ਅਹਿਮ ਅਹੁਦੇਦਾਰ ਬਣਨ ਵਾਲੇ ਨੌਜਵਾਨ ਅਗਲੇ ਸਾਲ ਫਰਵਰੀ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਟਿਕਟਾਂ ਦੀ ਦਾਅਵੇਦਾਰੀ ਕਰਨ ਦੇ ਸੁਪਨੇ ਵੀ ਸਿਰਜੀ ਬੈਠੇ ਹਨ | ਕਾਂਗਰਸ ਪਾਰਟੀ ਦੇ ਆਗੂ ਪਹਿਲਾਂ ਹੀ 60 ਤੋਂ 70 (ਲਗਭਗ 50 ਪ੍ਰਤੀਸ਼ਤ) ਟਿਕਟਾਂ ਨੌਜਵਾਨਾਂ ਨੂੰ ਦੇਣ ਦੀ ਭਵਿੱਖਬਾਣੀ ਕਰ ਚੁੱਕੇ ਹਨ | ਇਸ ਵਾਰ ਇਸ ਸਾਲ 16 ਜਨਵਰੀ ਨੂੰ ਨਾਮਜ਼ਦਗੀਆਂ ਭਰਨ ਉਪਰੰਤ 28 ਮਾਰਚ ਤੱਕ ਮੁਕੰਮਲ ਹੋਈਆਂ ਇਨ੍ਹਾਂ ਡਿਜੀਟਲ ਚੋਣਾਂ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਲਈ 16, ਸੂਬਾ ਜਨਰਲ ਸਕੱਤਰ ਲਈ 106, ਜ਼ਿਲ੍ਹਾ ਪ੍ਰਧਾਨਾਂ ਲਈ 131 ਅਤੇ ਹੋਰ ਵੱਖ ਵੱਖ ਅਹੁਦਿਆਂ ਲਈ ਲਗਭਗ 1900 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰ ਕੇ ਚੋਣਾਂ ਲੜੀਆਂ ਸਨ | ਭਾਵੇਂ ਪੰਜਾਬੀਆਂ ਵਿਚ ਵਿਦੇਸ਼ਾਂ ਨੂੰ ਪ੍ਰਵਾਸ ਕਰਨ ਦਾ ਰੁਝਾਨ ਸਿਖ਼ਰਾਂ 'ਤੇ ਹੈ ਪਰ ਫਿਰ ਵੀ ਯੂਥ ਕਾਂਗਰਸ ਦੀ ਇਸ ਵਾਰ ਪਿਛਲੇ ਸਾਲ ਨਾਲੋਂ ਦੁਗਣੀ ਮੈਂਬਰਸ਼ਿਪ ਦਾ ਅੰਕੜਾ ਲਗਭਗ 8 ਲੱਖ ਤੋਂ ਵੀ ਵੱਧ ਜਾਣ ਦੀ ਸੰਭਾਵਨਾ ਹੈ | ਜਾਣਕਾਰੀ ਅਨੁਸਾਰ ਵੋਟਾਂ ਪ੍ਰਾਪਤ ਕਰਨ ਵਾਲੇ ਪਹਿਲੇ ਤਿੰਨ ਸਥਾਨਾਂ ਦੇ ਉਮੀਦਵਾਰਾਂ ਦੇ ਪੈਨਲ ਵਿਚੋਂ ਪਾਰਟੀ ਹਾਈ ਕਮਾਨ ਇੱਕ ਵਿਅਕਤੀ ਨੂੰ ਪ੍ਰਧਾਨ ਨਿਯੁਕਤ ਕਰਦੀ ਹੈ |
ਪੰਜਾਬ ਯੂਥ ਪ੍ਰਧਾਨਗੀ ਚੋਣ ਲੜਨ ਵਾਲੇ 16 ਉਮੀਦਵਾਰਾਂ ਵਿਚ ਇੱਕ ਵਿਧਾਇਕ ਦੇ ਪੁੱਤਰ, ਇੱਕ ਵਿਧਾਇਕ ਦੇ ਪੋਤਰੇ ਅਤੇ ਆਪਣੇ ਮਿੱਤਰ ਨੌਜਵਾਨਾਂ ਵਲੋਂ ਚਲਾਈ ਮੈਂਬਰਸ਼ਿਪ ਭਰਤੀ ਕਰਕੇ ਚੋਣ ਲੜਨ ਉਮੀਦਵਾਰਾਂ ਸਮੇਤ ਚਾਰ ਉਮੀਦਵਾਰਾਂ ਵਿਚ ਸਖ਼ਤ ਮੁਕਾਬਲਾ ਹੈ | ਸਮਰਾਲਾ ਤੋਂ ਚਾਰ ਵਾਰ ਰਹੇ ਕਾਂਗਰਸੀ ਵਿਧਾਇਕ ਦੇ ਪੋਤਰੇ ਕਰਨਵੀਰ ਸਿੰਘ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਆਗੂ ਢਿੱਲੋਂ ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਧ ਵੋਟਾਂ ਲੈ ਕੇ ਹੀ ਸੂਬਾ ਪ੍ਰਧਾਨ ਬਣੇਗਾ | ਕੁੱਝ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਕਰਨਵੀਰ ਸਿੰਘ ਦੇ ਪਹਿਲੇ ਸਥਾਨ 'ਤੇ ਆਉਣ ਦੇ ਦਾਅਵੇ ਵਿਚ ਇਹ ਨਿਸ਼ਚਿਤ ਜਾਪਦਾ ਹੈ ਕਿ ਉਹ ਪ੍ਰਧਾਨਗੀ ਦੇ ਬਣਨ ਵਾਲੇ ਪੈਨਲ ਲਈ ਪਹਿਲੇ ਤਿੰਨ ਉਮੀਦਵਾਰਾਂ ਵਿਚ ਜ਼ਰੂਰ ਆ ਸਕਦਾ ਹੈ | ਪਰ ਫਿਰ ਵੀ ਸਥਾਨਕ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਪਾਰਟੀ ਵਿਚ ਉੱਪਰ ਤੱਕ ਪਹੁੰਚ ਹੋਣ ਕਾਰਨ ਹਲਕੇ ਦੇ ਸਮੀਕਰਨਾਂ ਦੀ ਮੌਜੂਦਾ ਸਥਿਤੀ ਇਸੇ ਤਰ੍ਹਾਂ ਹੀ ਬਣੇ ਰਹਿਣਗੇ | ਵਿਧਾਨ ਸਭਾ ਹਲਕਾ ਸਮਰਾਲਾ ਵਿੱਚ ਕੁੱਲ 14 ਹਜ਼ਾਰ ਮੈਂਬਰ ਭਰਤੀ ਕੀਤੇ ਗਏ ਦੱਸੇ ਜਾਂਦੇ ਹਨ |
ਪੰਜਾਬ ਯੂਥ ਕਾਂਗਰਸ ਚੋਣ ਦਾ ਨਤੀਜਾ 2 ਹਫ਼ਤਿਆਂ 'ਚ ਆਉਣ ਦੀ ਸੰਭਾਵਨਾ
ਅਜੀਤ ਡੈਸਕ
09-05-2026