ਸੁਲਤਾਨਵਿੰਡ (ਅੰਮਿ੍ਤਸਰ), 22 ਮਈ (ਗੁਰਨਾਮ ਸਿੰਘ ਬੁੱਟਰ)-ਕਮਿਸ਼ਨਰੇਟ ਅੰਮਿ੍ਤਸਰ ਦੇ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਪਾਕਿਸਤਾਨ ਵਿਚ ਬੈਠੇ ਆਈ.ਐੱਸ.ਆਈ. ਏਜੰਟ ਸ਼ਹਿਜ਼ਾਦ ਭੱਟੀ ਦੇ ਨੈੱਟਵਰਕ ਨਾਲ ਜੁੜੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਏ.ਡੀ.ਸੀ.ਪੀ. ਸਿਟੀ ਵਨ ਵਿਸ਼ਾਲਜੀਤ ਸਿੰਘ ਅਤੇ ਏ.ਸੀ.ਪੀ. ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ .32 ਬੋਰ ਦਾ ਪਿਸਟਲ, ਇਕ ਮੈਗਜ਼ੀਨ, 5 ਜ਼ਿੰਦਾ ਕਾਰਤੂਸ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ | ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਗੁਰਦਾਸਪੁਰ ਸਿਟੀ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਦੀ ਸਾਜ਼ਿਸ਼ ਵਿਚ ਵੀ ਸ਼ਾਮਲ ਸਨ | ਪੁਲਿਸ ਵਲੋਂ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਬਜੀਤ ਸਿੰਘ ਉਰਫ਼ ਜੋਬਨ (ਪੁੱਤਰ ਗੁਰਮੁੱਖ ਸਿੰਘ, ਵਾਸੀ ਤਲਵੰਡੀ ਲਾਲ ਸਿੰਘ, ਗੁਰਦਾਸਪੁਰ, ਹਾਲ ਵਾਸੀ ਨਿਊ ਗੁਰਨਾਮ ਨਗਰ, ਸੁਲਤਾਨਵਿੰਡ ਰੋਡ, ਅੰਮਿ੍ਤਸਰ), ਸੂਜਲ (ਪੁੱਤਰ ਰਾਜ ਕੁਮਾਰ, ਵਾਸੀ ਨਿਊ ਗੁਰਨਾਮ ਨਗਰ, ਹਾਲ ਵਾਸੀ ਖਾਲਸਾ ਨਗਰ, ਅੰਮਿ੍ਤਸਰ), ਅੰਜਲੀ (ਪਤਨੀ ਅਰਸ਼ਦੀਪ ਸਿੰਘ, ਪੁੱਤਰੀ ਕਮਲਜੀਤ, ਵਾਸੀ ਪਿੰਡ ਤੁੰਗ, ਹਾਲ ਵਾਸੀ ਕੁਤਬੀ ਨੰਗਲ, ਬਟਾਲਾ) ਵਜੋਂ ਹੋਈ ਹੈ, ਹਾਲਾਂਕਿ ਸੁਮੀਤ (ਪੁੱਤਰ ਅਸ਼ਵਨੀ, ਵਾਸੀ ਗੁਰਨਾਮ ਨਗਰ, ਅੰਮਿ੍ਤਸਰ) ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਪੁਲਿਸ ਮੁਤਾਬਕ 13 ਮਈ ਨੂੰ ਏ.ਐੱਸ.ਆਈ. ਵਿਕਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਭਾਈ ਮੰਝ ਸਿੰਘ ਰੋਡ ਕੋਟ ਮਿੱਤ ਸਿੰਘ ਫਲੈਟਾਂ ਨੇੜੇ ਗਸ਼ਤ 'ਤੇ ਸੀ | ਇਸ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਉਕਤ ਮੁਲਜ਼ਮ, ਜੋ ਪਾਕਿਸਤਾਨੀ ਏਜੰਟ ਸ਼ਹਿਜ਼ਾਦ ਭੱਟੀ ਦੇ ਇਸ਼ਾਰੇ 'ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਨਾਖਾਂ ਵਾਲਾ ਬਾਗ ਨੇੜੇ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਖੜ੍ਹੇ ਹਨ | ਪੁਲਿਸ ਨੇ ਛਾਪੇਮਾਰੀ ਕਰਕੇ ਮੌਕੇ ਤੋਂ ਸੂਜਲ ਅਤੇ ਸਾਹਿਬਜੀਤ ਸਿੰਘ ਨੂੰ ਕਾਬੂ ਕਰ ਲਿਆ | ਗਿ੍ਫ਼ਤਾਰੀ ਤੋਂ ਬਾਅਦ ਜਦੋਂ ਪੁਲਿਸ ਨੇ ਸਾਹਿਬਜੀਤ ਸਿੰਘ ਉਰਫ਼ ਜੋਬਨ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਨੇ ਦੱਸਿਆ ਕਿ ਪਾਕਿਸਤਾਨੀ ਆਈ. ਐੱਸ. ਆਈ. ਏਜੰਟ ਸ਼ਹਿਜ਼ਾਦ ਭੱਟੀ ਨੇ ਉਸ ਨੂੰ ਵਟਸਐਪ 'ਤੇ ਗੂਗਲ ਮੈਪ ਰਾਹੀਂ ਥਾਣਾ ਸਿਟੀ ਗੁਰਦਾਸਪੁਰ ਦੀਆਂ ਤਸਵੀਰਾਂ ਭੇਜੀਆਂ ਸਨ ਅਤੇ ਥਾਣੇ ਦੀ ਰੇਕੀ ਕਰਕੇ ਵੀਡੀਓ ਬਣਾਉਣ ਲਈ ਕਿਹਾ ਸੀ | ਭੱਟੀ ਨੇ ਇਸ ਕੰਮ ਦੇ ਬਦਲੇ 10 ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਸੀ | ਸਾਹਿਬਜੀਤ ਨੇ ਲਾਲਚ ਵਿਚ ਆ ਕੇ ਆਪਣੀ ਗਰਲਫ਼੍ਰੈਂਡ ਅੰਜਲੀ (ਜੋ ਥਾਣਾ ਸਿਟੀ ਗੁਰਦਾਸਪੁਰ ਦੇ ਸਾਹਮਣੇ ਸਥਿਤ ਇਕ ਸਕੂਲ ਵਿਚ ਪੜ੍ਹਦੀ ਸੀ) ਨੂੰ ਇਸ ਸਾਜ਼ਿਸ਼ ਵਿਚ ਸ਼ਾਮਲ ਕੀਤਾ | ਅੰਜਲੀ ਨੇ 22 ਨਵੰਬਰ 2025 ਨੂੰ ਥਾਣੇ ਦੀ ਵੀਡੀਓ ਬਣਾ ਕੇ ਸਾਹਿਬਜੀਤ ਨੂੰ ਦਿੱਤੀ, ਜਿਸ ਨੇ ਅੱਗੇ ਇਹ ਵੀਡੀਓ ਪਾਕਿਸਤਾਨ ਬੈਠੇ ਸ਼ਹਿਜ਼ਾਦ ਭੱਟੀ ਨੂੰ ਭੇਜ ਦਿੱਤੀ | ਇਸ ਰੇਕੀ ਤੋਂ ਬਾਅਦ ਹੀ 25 ਨਵੰਬਰ 2025 ਨੂੰ ਗੁਰਦਾਸਪੁਰ ਸਿਟੀ ਥਾਣੇ 'ਤੇ ਗ੍ਰਨੇਡ ਹਮਲਾ ਕਰਵਾਇਆ ਗਿਆ ਸੀ | ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 15 ਮਈ ਨੂੰ ਮੁਲਜ਼ਮ ਅੰਜਲੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਇਕ ਮੋਬਾਈਲ ਬਰਾਮਦ ਕੀਤਾ | ਫਿਲਹਾਲ ਗਿ੍ਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮ (ਸੂਜਲ, ਸਾਹਿਬਜੀਤ ਅਤੇ ਅੰਜਲੀ) ਜੁਡੀਸ਼ੀਅਲ ਰਿਮਾਂਡ ਤਹਿਤ ਜੇਲ੍ਹ ਵਿਚ ਬੰਦ ਹਨ |