ਪਠਾਨਕੋਟ, 26 ਮਈ (ਸੁਮਿਤ/ ਵਿਨੋਦ)-ਪਠਾਨਕੋਟ ਪੁਲਿਸ ਨੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਲਈ ਜਾਸੂਸੀ ਕਰਨ ਵਾਲੇ ਇਕ ਵੱਡੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਵਿਰੋਧੀ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਪੁਲਿਸ ਮੁਤਾਬਿਕ 21 ਮਈ 2026 ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਬਲਜੀਤ ਸਿੰਘ ਉਰਫ਼ ਬੀਤੂ ਵਾਸੀ ਚੱਕ ਧਾਰੀਵਾਲ ਅਤੇ ਉਸ ਦੇ ਸਾਥੀ ਪਾਕਿਸਤਾਨੀ ਏਜੰਸੀ ਆਈ.ਐਸ.ਆਈ. ਲਈ ਕੰਮ ਕਰ ਰਹੇ ਹਨ | ਦੋਸ਼ੀਆਂ ਵਲੋਂ ਸੁਜਾਨਪੁਰ ਐਨ.ਐਚ.-44 'ਤੇ ਪੁਲ ਨੰਬਰ-4 ਅਤੇ 5 ਵਿਚਕਾਰ ਇਕ ਦੁਕਾਨ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾ ਕੇ ਆਰਮੀ ਅਤੇ ਪੈਰਾ ਮਿਲਟਰੀ ਫੋਰਸਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ | ਇਹ ਲਾਈਵ ਫੀਡ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਪਾਕਿਸਤਾਨ ਭੇਜੀ ਜਾਂਦੀ ਸੀ | ਇਸ ਮਾਮਲੇ ਵਿਚ ਥਾਣਾ ਸੁਜਾਨਪੁਰ ਵਿਖੇ ਕੇਸ ਦਰਜ ਕੀਤਾ ਗਿਆ | ਜਾਂਚ ਦੌਰਾਨ ਦੁਕਾਨ ਮਾਲਕ ਅੰਕਿਤ ਸ਼ਰਮਾ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਤੋਂ ਇਲਾਵਾ ਬਲਜੀਤ ਦੇ ਭਰਾ ਹਰਦੀਪ ਸਿੰਘ 'ਤੇ ਸਬੂਤ ਨਸ਼ਟ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ | ਤਫ਼ਤੀਸ਼ ਵਿਚ ਇਹ ਵੀ ਸਾਹਮਣੇ ਆਇਆ ਕਿ ਬਲਜਿੰਦਰ ਸਿੰਘ ਉਰਫ਼ ਵਿੱਕੀ ਤੇ ਤਰਨਪ੍ਰੀਤ ਸਿੰਘ ਉਰਫ਼ ਤੰਨੂ ਜੋ ਪਹਿਲਾਂ ਤੋਂ ਆਈ.ਐਸ.ਆਈ. ਏਜੰਟਾਂ ਨਾਲ ਸੰਪਰਕ ਵਿਚ ਸਨ | ਇਸ ਜਾਸੂਸੀ ਗਰੋਹ ਦੇ ਅਹਿਮ ਮੈਂਬਰ ਸਨ | ਦੋਵਾਂ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ |
ਪਾਕਿਸਤਾਨੀ ਖ਼ੁਫ਼ੀਆ ਏਜੰਸੀ ਲਈ ਜਾਸੂਸੀ ਕਰਨ ਵਾਲੇ ਪੰਜ ਦੋਸ਼ੀ ਗਿ੍ਫ਼ਤਾਰ <br/>
ਅਜੀਤ ਡੈਸਕ
27-05-2026