12 ਸਾਲਾਂ ਵਿਚ ਤਿੰਨ ਗੁਣਾ ਤੋਂ ਵੱਧ ਹੋਈ ਅੰਮਿ੍ਤਸਰ ਹਵਾਈ ਅੱਡੇ 'ਚ ਯਾਤਰੀ ਗਿਣਤੀ <br/>
ਅਜੀਤ ਡੈਸਕ
14-06-2026
ਰਾਜਾਸਾਂਸੀ, 13 ਜੂਨ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਪਿਛਲੇ 12 ਸਾਲਾਂ ਦੌਰਾਨ ਤਿੰਨ ਗੁਣਾ ਤੋਂ ਵੱਧ ਹੋਈ ਹੈ | ਭਾਰਤੀ ਹਵਾਈ ਅੱਡਾ ਅਥਾਰਟੀ (ਏ.ਏ.ਆਈ.) ਅਨੁਸਾਰ ਸਾਲ 2013-14 ਵਿਚ ਜਿੱਥੇ 10.34 ਲੱਖ ਯਾਤਰੀਆਂ ਨੇ ਇਸ ਹਵਾਈ ਅੱਡੇ ਰਾਹੀਂ ਸਫ਼ਰ ਕੀਤਾ ਸੀ, ਉੱਥੇ 2024-25 ਵਿਚ ਇਹ ਗਿਣਤੀ ਵੱਧ ਕੇ 35.25 ਲੱਖ ਹੋ ਗਈ ਹੈ | ਇਸੇ ਸਮੇਂ ਦੌਰਾਨ ਜਹਾਜ਼ਾਂ ਦੀ ਆਵਾਜਾਈ ਵੀ 10,487 ਤੋਂ ਵਧ ਕੇ 23,261 ਤੱਕ ਪਹੁੰਚ ਗਈ | ਇਸ ਸੰਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਦਾ ਵੀ ਵਿਸਥਾਰ ਕੀਤਾ ਗਿਆ ਹੈ | ਸਾਲ 2017 ਵਿਚ ਰਨਵੇ ਨੂੰ ਕੈਟ-3 ਤਕਨੀਕ ਨਾਲ ਅਪਗ੍ਰੇਡ ਕੀਤਾ ਗਿਆ, ਜਿਸ ਨਾਲ ਘੱਟ ਦਿੱਖ ਵਾਲੇ ਮੌਸਮ ਵਿਚ ਵੀ ਉਡਾਣਾਂ ਦਾ ਸੰਚਾਲਨ ਸੰਭਵ ਹੋਇਆ | ਸਾਲ 2022 ਵਿਚ ਏਪਰਨ ਦਾ ਵਿਸਥਾਰ ਕਰਕੇ ਜਹਾਜ਼ ਪਾਰਕਿੰਗ ਬੇਅਜ਼ ਦੀ ਗਿਣਤੀ 15 ਤੋਂ ਵਧਾ ਕੇ 25 ਕਰ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਅੰਮਿ੍ਤਸਰ ਹਵਾਈ ਅੱਡੇ ਤੋਂ 9 ਘਰੇਲੂ ਅਤੇ 8 ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਹਨ | ਹਵਾਈ ਅੱਡੇ ਕੋਲ 3658 ਮੀਟਰ ਲੰਬਾ ਰੰਨਵੇ, 25 ਪਾਰਕਿੰਗ ਬੇਅਜ਼ ਅਤੇ ਪ੍ਰਤੀ ਘੰਟਾ 14 ਜਹਾਜ਼ਾਂ ਦੀ ਆਵਾਜਾਈ ਸੰਭਾਲਣ ਦੀ ਸਮਰਥਾ ਹੈ | ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਪੱਖੋਂ ਹਵਾਈ ਅੱਡਾ ਪੂਰੀ ਤਰ੍ਹਾਂ ਸਮਰੱਥ ਹੈ, ਪਰ ਏਅਰਲਾਈਨ ਕੰਪਨੀਆਂ ਕੋਲ ਜਹਾਜ਼ਾਂ ਦੀ ਘਾਟ ਕਾਰਨ ਨਵੀਆਂ ਉਡਾਣਾਂ ਸ਼ੁਰੂ ਕਰਨ ਵਿਚ ਦਿੱਕਤ ਆ ਰਹੀ ਹੈ | ਭੁਪਿੰਦਰ ਸਿੰਘ ਨੇ ਦੱਸਿਆ ਕਿ ਨਾਂਦੇੜ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਯਤਨ ਜਾਰੀ ਹਨ | ਇਸ ਤੋਂ ਇਲਾਵਾ ਅਕਾਸਾ ਏਅਰ ਨਾਲ ਅੰਮਿ੍ਤਸਰ ਤੋਂ ਜੇਵਰ (ਨੋਇਡਾ) ਹਵਾਈ ਅੱਡੇ ਲਈ ਕਨੈਕਟੀਵਿਟੀ ਸੰਬੰਧੀ ਵੀ ਗੱਲਬਾਤ ਚੱਲ ਰਹੀ ਹੈ | ਟ੍ਰੈਫਿਕ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਨਵਾਂ ਲੇਨਿੰਗ ਸਿਸਟਮ ਵੀ ਤਿਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਵਾਈ ਅੱਡੇ 'ਤੇ ਡਿਜੀ ਯਾਤਰਾ, ਫਲਾਈਬ੍ਰੇਰੀ, ਕਿਡਜ਼ ਪਲੇ ਜ਼ੋਨ ਅਤੇ ਉਡਾਨ ਯਾਤਰੀ ਕੈਫੇ ਵਰਗੀਆਂ ਸਹੂਲਤਾਂ ਉਪਲਬੱਧ ਹਨ | ਇਸ ਦੇ ਨਾਲ 483 ਕਿਲੋਵਾਟ ਸਮਰੱਥਾ ਵਾਲਾ ਸੋਲਰ ਪਾਵਰ ਪਲਾਂਟ ਤੇ ਐੱਲ.ਈ.ਡੀ. ਲਾਈਟਿੰਗ ਪ੍ਰਣਾਲੀ ਵੀ ਸਥਾਪਤ ਕੀਤੀ ਗਈ ਹੈ | ਹਵਾਈ ਅੱਡਾ ਪ੍ਰਬੰਧਨ ਅਨੁਸਾਰ ਅੰਮਿ੍ਤਸਰ ਹਵਾਈ ਅੱਡਾ ਪੰਜਾਬ ਵਿਚ ਸੈਰ-ਸਪਾਟੇ, ਧਾਰਮਿਕ ਯਾਤਰਾਵਾਂ ਅਤੇ ਆਰਥਿਕ ਗਤੀਵਿਧੀਆਂ ਲਈ ਇਕ ਮਹੱਤਵਪੂਰਨ ਕੇਂਦਰ ਵਜੋਂ ਆਪਣੀ ਭੂਮਿਕਾ ਨਿਭਾਅ ਰਿਹਾ ਹੈ |