ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਚਕੂਲਾ ’ਚ ਸੂਬਾ ਪੱਧਰੀ ਸਮਾਗਮ
ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਭਾਰਤੀ ਇਤਿਹਾਸ ਵਿਚ ਸੱਚ, ਧਰਮ, ਮਨੁੱਖਤਾ ਤੇ ਅਧਿਆਤਮਕ ਸ਼ਕਤੀ ਦੀ ਇੱਕ ਵਿਲੱਖਣ ਮਿਸਾਲ ਹੈ। ਉਨ੍ਹਾਂ ਦਾ ਜੀਵਨ ਤੇ ਸ਼ਹਾਦਤ ਸਾਨੂੰ ਬੇਇਨਸਾਫ਼ੀ, ਜ਼ੁਲਮ ਅਤੇ ਝੂਠ ਦੇ ਸਾਹਮਣੇ ਕਦੇ ਵੀ ਨਾ ਝੁਕਣ ਦੀ ਪ੍ਰੇਰਣਾ ਦਿੰਦੀ ਹੈ। ਮੁੱਖ ਮੰਤਰੀ ਵੀਰਵਾਰ ਨੂੰ ਪੰਚਕੂਲਾ ਵਿਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 420ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ ਕਰਵਾਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਗੁਰੂ ਅਰਜਨ ਦੇਵ ਜੀ ਦੇ ਜੀਵਨ ‘ਤੇ ਅਧਾਰਿਤ ਇੱਕ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ ਗਈ । ਇਸ ਦੌਰਾਨ ਮੁੱਖ ਮੰਤਰੀ ਨੇ ਛਬੀਲ ਦੀ ਸੇਵਾ ਵੀ ਕੀਤੀ। ਸਮਾਗਮ ਵਿਚ ਹਰਿਆਣਾ ਅਤੇ ਪੰਜਾਬ ਤੋਂ ਕਈ ਸੰਤ-ਮਹਾਂਪੁਰਖ ਪਹੁੰਚੇ ਅਤੇ ਹਰਿਆਣਾ ਸਰਕਾਰ ਵਲੋਂ ਕਰਵਾਏ ਗਏ ਇਸ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਇਸ ਦੇ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਪ੍ਰਗਟਾਇਆ। ਹਰਿਆਣਾ ਸਰਕਾਰ ਵਲੋਂ ‘ਸੰਤ ਮਹਾਂਪੁਰਖ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ’ ਤਹਿਤ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਮਾਤਾ ਮਨਸਾ ਦੇਵੀ ਤੇ ਸ਼੍ਰੀ ਨਾਢਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਕਰਵਾਏ ਇਸ ਸਮਾਗਮ ਵਿਚ ਮੌਜੂਦ ਹੋ ਕੇ ਉਹ ਆਪਣੇ ਆਪ ਨੂੰ ਭਾਗਾਂਵਾਲੇ ਮੰਨਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਮਾਜ ਨੂੰ ਜੋੜਨ ਤੇ ਮਨੁੱਖਤਾ ਨੂੰ ਇੱਕ ਧਾਗੇ ਵਿਚ ਪਰੋਣ ਦਾ ਮਹਾਨ ਕਾਰਜ ਕੀਤਾ । ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦੀ ਦਿਹਾੜਾ ਸਿਰਫ ਸ਼ਰਧਾਂਜਲੀ ਦੇਣ ਦਾ ਮੌਕਾ ਨਹੀਂ, ਸਗੋਂ ਆਤਮ-ਚਿੰਤਨ ਦਾ ਵੀ ਮੌਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤਪਦੀ ਤਵੀ ‘ਤੇ ਬਿਠਾਉਣਾ, ਸਰੀਰ ‘ਤੇ ਗਰਮ ਰੇਤ ਪਾਉਣਾ ਅਤੇ ਅਸਹਿ ਪੀੜ ਦੇਣਾ ਜ਼ੁਲਮ ਦੀ ਹੱਦ ਸੀ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਸੱਚ, ਨਿਆਂ ਅਤੇ ਸੰਸਕ੍ਰਿਤੀ ਦੀ ਰੱਖਿਆ ਲਈ ਕਦੇ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਭਰ ਵਿਚ ਸਿੱਖ ਗੁਰੂਆਂ ਦੇ ਯੋਗਦਾਨ ਅਤੇ ਕੁਰਬਾਨੀ ਨੂੰ ਸਨਮਾਨ ਦੇਣ ਦਾ ਕਾਰਜ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਦਿੰਦਿਆਂ ਕਿਹਾ ਕਿ ਉਹ ਸਿੱਖ ਗੁਰੂਆਂ ਦੇ ਗੌਰਵਸ਼ਾਲੀ ਇਤਿਹਾਸ ਤੇ ਕੁਰਬਾਨੀਆਂ ਤੋਂ ਪ੍ਰੇਰਣਾ ਲੈਣ। ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ, ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਬੜਖਲ ਦੇ ਵਿਧਾਇਕ ਧਨੇਸ਼ ਅਦਲਖਾ, ਮੁੱਖ ਮੰਤਰੀ ਦੇ �.ਐਸ.ਡੀ. ਡਾ. ਪ੍ਰਭਲੀਨ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਹਰਿਆਣਾ ਕਮੇਟੀ ਦੇ ਉੱਪ-ਪ੍ਰਧਾਨ ਗੁਰਮੀਤ ਸਿੰਘ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨਚੰਦ ਗੁਪਤਾ, ਸੰਤ ਬਾਬਾ ਜੋਗਾ ਸਿੰਘ, ਜਸਦੀਪ ਸਿੰਘ, ਮਹੰਤ ਮਹੇਸ਼ ਮੁਨੀ, ਸੰਤ ਬਾਬਾ ਮਨੀ ਸਿੰਘ ਜੁਰਾਸੀ ਵਾਲੇ, ਸੁਆਮੀ ਰਾਜੇਸ਼ਵਰਾਨੰਦ, ਬਾਬਾ ਸੁਲਤਾਨ ਸਿੰਘ ਅਤੇ ਬਾਬਾ ਦੇਵੇਂਦਰ ਸਿੰਘ ਇਸਰਾਨਾ ਸਮੇਤ ਵੱਡੀ ਗਿਣਤੀ ਵਿੱਚ ਮਾਣਯੋਗ ਵਿਅਕਤੀ ਮੌਜੂਦ ਸਨ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਸੱਚ, ਹਿੰਮਤ ਤੇ ਮਨੁੱਖਤਾ ਦੀ ਰੱਖਿਆ ਦਾ ਅਮਰ ਸੰਦੇਸ਼-ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਅਜੀਤ ਡੈਸਕ
19-06-2026