10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਨਿਤਿਨ ਨਬੀਨ ਨੇ ਟਟੋਲੀ ਪੰਜਾਬ ਦੇ ਨੌਜਵਾਨਾਂ ਦੀ ਨਬਜ਼

Ad Position 21
No active advertisement
ਅਜੀਤ ਡੈਸਕ 23-06-2026

ਲੁਧਿਆਣਾ, 22 ਜੂਨ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਆਪਣੇ ਤਿੰਨਾਂ ਦਿਨਾਂ ਪੰਜਾਬ ਦੇ ਦੌਰੇ ਦੌਰਾਨ ਲੁਧਿਆਣਾ ਵਿਖੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੌਜਵਾਨਾਂ, ਪੇਸ਼ੇਵਰਾਂ, ਸਨਅਤਕਾਰਾਂ, ਕਿਸਾਨਾਂ ਅਤੇ ਖਿਡਾਰੀਆਂ ਨਾਲ ਵਿਸ਼ੇਸ਼ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ, ਉਮੀਦਾਂ ਅਤੇ ਵਿਚਾਰ ਸੁਣੇ। ਇਸ ਪ੍ਰੋਗਰਾਮ ਵਿਚ 40 ਸਾਲ ਤੋਂ ਘੱਟ ਉਮਰ ਦੇ ਕਰੀਬ 100 ਨੌਜਵਾਨਾਂ ਨੇ ਹਿੱਸਾ ਲਿਆ। ਗੱਲਬਾਤ ਦੌਰਾਨ ਡਾਕਟਰਾਂ, ਇੰਜੀਨੀਅਰਾਂ, ਵਕੀਲਾਂ, ਨਵੇਂ ਕਾਰੋਬਾਰ ਸ਼ੁਰੂ ਕਰਨ ਵਾਲੇ ਨੌਜਵਾਨਾਂ, ਖਿਡਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਪੰਜਾਬ ਸਾਹਮਣੇ ਖੜ੍ਹੀਆਂ ਵੱਖ-ਵੱਖ ਚੁਣੌਤੀਆਂ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ। ਨੌਜਵਾਨਾਂ ਨੇ ਸੂਬੇ ਦੇ ਵਿਕਾਸ ਨੂੰ ਰਫ਼ਤਾਰ ਦੇਣ, ਰੋਜ਼ਗਾਰ ਦੇ ਮੌਕੇ ਵਧਾਉਣ, ਨਿਵੇਸ਼ ਖਿੱਚਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਡਬਲ ਇੰਜਨ ਸਰਕਾਰ ਦੀ ਮੰਗ ’ਤੇ ਜ਼ੋਰ ਦਿੱਤਾ। ਇਸ ਮੌਕੇ ਵਕੀਲਾਂ ਨੇ ਸੂਬੇ ਵਿਚ ਵਿਗੜ ਰਹੇ ਅਮਨ -ਕਾਨੂੰਨ ਅਤੇ ਫਿਰੌਤੀ ਦੀਆਂ ਵਧਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਜਤਾਈ। ਉਥੇ ਹੀ ਨੌਜਵਾਨ ਮਹਿਲਾਵਾਂ ਨੇ ਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜੇ ਮੁੱਦੇ ਚੁੱਕਦਿਆਂ ਕਿਹਾ ਕਿ ਕਈ ਥਾਵਾਂ ’ਤੇ ਰਾਤ ਵੇਲੇ ਬਾਹਰ ਨਿਕਲਣਾ ਅਜੇ ਵੀ ਅਸੁਰੱਖਿਅਤ ਮਹਿਸੂਸ ਹੁੰਦਾ ਹੈ। ਸਿਹਤ ਖੇਤਰ ਨਾਲ ਜੁੜੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਹੋਰ ਗੁਆਂਢੀ ਸੂਬਿਆਂ ਤੋ ਸਮੇਂ ਸਿਰ ਭੁਗਤਾਨ ਮਿਲ ਜਾਂਦਾ ਹੈ, ਪਰ ਪੰਜਾਬ ਵਿਚ ਅਦਾਇਗੀਆਂ ਲੰਮੇ ਸਮੇਂ ਤੋਂ ਰੁਕੀਆਂ ਹੋਈਆਂ ਹਨ। ਨਵੇਂ ਕਾਰੋਬਾਰ ਨਾਲ ਜੁੜੇ ਨੌਜਵਾਨਾਂ ਨੇ ਵਪਾਰਕ ਔਕੜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਮਾਨ ਵੇਚਣ ਦੀਆਂ ਸੇਵਾਵਾਂ ਵਿਚ ਪੰਜਾਬ ਨੂੰ ਹੇਠਲੀ ਸ਼੍ਰੇਣੀ ਵਿਚ ਰੱਖਣ ਕਾਰਨ ਸੂਬੇ ਤੋਂ ਵੱਡੇ ਸ਼ਹਿਰਾਂ ਤੱਕ ਸਾਮਾਨ ਭੇਜਣ ਦੀ ਲਾਗਤ ਕਾਫ਼ੀ ਵੱਧ ਜਾਂਦੀ ਹੈ, ਜਿਸ ਨਾਲ ਕਾਰੋਬਾਰ ਦੀ ਮੁਕਾਬਲੇਬਾਜ਼ੀ ਪ੍ਰਭਾਵਿਤ ਹੁੰਦੀ ਹੈ। ਖੇਤੀਬਾੜੀ ਖੇਤਰ ਨਾਲ ਜੁੜੇ ਨੌਜਵਾਨਾਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ। ਪਟਿਆਲਾ ਦੇ ਇਕ ਡੇਅਰੀ ਉਦਮੀ ਨੇ ਵੱਡੇ ਪੱਧਰ ’ਤੇ ਦੁੱਧ ਉਤਪਾਦਨ ਅਤੇ ਵਿੱਕਰੀ ਬਾਰੇ ਜਾਣਕਾਰੀ ਦਿੱਤੀ, ਜਦਕਿ ਸੰਗਰੂਰ ਦੇ ਇਕ ਨੌਜਵਾਨ ਕਿਸਾਨ ਨੇ ਫ਼ਸਲੀ ਵਿਭਿੰਨਤਾ, ਆਲੂ ਦੀ ਖੇਤੀ ਅਤੇ ਕੋਲਡ ਸਟੋਰੇਜ ਪ੍ਰਬੰਧ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਨੌਜਵਾਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਨਿਤਿਨ ਨਬੀਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ, ਉਮੀਦਾਂ ਅਤੇ ਸੰਘਰਸ਼ਾਂ ਨਾਲ ਹਰ ਵੇਲੇ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਾਰਟੀ ਨੌਜਵਾਨਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਸਹੀ ਮੰਚ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕਰੇਗੀ। ਇਸ ਮੌਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪਰਮਿੰਦਰ ਸਿੰਘ ਬਰਾੜ, ਤਰੁਣ ਚੁੱਘ ਅਤੇ ਡਾ. ਨਰਿੰਦਰ ਸਿੰਘ ਰੈਣਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਹਾਸਿਆਂ ਨਾਲ ਭਰਪੂਰ ਫ਼ਿਲਮ ‘ਕੈਰੀ ਆਨ ਜੱਟਾ-4’ ਦੇ ਟਰੇਲਰ ਨੇ ਮਚਾਈ ਧੂਮ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਇਸਤਰੀ ਵਿੰਗ ਸ੍ਰੀ ਦਰਬਾਰ ਸਾਹਿਬ ਵਿਖੇ ਹੋਇਆ ਨਤਮਸਤਕ
Ad Position 24