ਚੰਡੀਗੜ੍ਹ, 22 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਸੰਭਾਵਿਤ ਤਬਦੀਲੀ ਨੂੰ ਲੈ ਕੇ ਚੱਲ ਰਹੀ ਅਨਿਸ਼ਚਿਤਤਾ ਨੇ ਇਕ ਵਾਰ ਫਿਰ ਪਾਰਟੀ ਦੇ ਅੰਦਰ ਬੇਚੈਨੀ ਵਧਾ ਦਿੱਤੀ ਹੈ। ਹਾਈ ਕਮਾਨ ਵਲੋਂ ਅਜੇ ਤੱਕ ਕੋਈ ਅੰਤਿਮ ਫ਼ੈਸਲਾ ਨਾ ਲਏ ਜਾਣ ਕਾਰਨ ਨਾ ਸਿਰਫ਼ ਸੀਨੀਅਰ ਆਗੂਆਂ ਵਿਚ ਬੇਚੈਨੀ ਦਾ ਮਾਹੌਲ ਹੈ, ਸਗੋਂ ਵਰਕਰਾਂ ਵਿਚ ਵੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਕਈ ਸੀਨੀਅਰ ਆਗੂਆਂ ਨੂੰ ਇਹ ਡਰ ਵੀ ਸਤਾ ਰਿਹਾ ਹੈ ਕਿ ਜੇਕਰ ਫ਼ੈਸਲਾ ਲੈਣ ਵਿਚ ਹੋਰ ਦੇਰੀ ਹੋਈ ਜਾਂ ਜ਼ਮੀਨੀ ਹਕੀਕਤਾਂ ਦੀ ਬਜਾਏ ਦਿੱਲੀ ਦੀ ਲਾਬਿੰਗ ਨੂੰ ਤਰਜੀਹ ਦਿੱਤੀ ਗਈ, ਤਾਂ 2021 ਵਾਲੀਆਂ ਗ਼ਲਤੀਆਂ ਦੁਬਾਰਾ ਦੁਹਰਾਈਆਂ ਜਾ ਸਕਦੀਆਂ ਹਨ । ਕੁੱਝ ਆਗੂਆਂ ਨੇ ‘ਅਜੀਤ‘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2007 ਵਿਚ ਕਾਂਗਰਸ 44 ਸੀਟਾਂ ਅਤੇ 2012 ਵਿਚ 46 ਸੀਟਾਂ ਜਿੱਤੀ ਸੀ ਅਤੇ ਹੁਣ ਜਿਸ ਪੱਧਰ ਉੱਤੇ ਪੰਜਾਬ ਵਿਚ ਕਾਂਗਰਸ ਖੜ੍ਹੀ ਹੈ ਉਹ ਗੁੱਟਬੰਦੀ, ਲੋਬਿੰਗ ਤੇ ਦਿੱਲੀ ਦੇ ਅਬਜ਼ਰਵਰਾਂ ਦੀਆਂ ਗ਼ਲਤ ਰਿਪੋਰਟਾਂ ਦਾ ਹੀ ਨਤੀਜਾ ਹੈ। ਪੰਜਾਬ ਦੇ ਕਈ ਸੀਨੀਅਰ ਆਗੂ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਦਰਬਾਰ ਵਿਚ ਸਰਗਰਮ ਰਹੇ ਤੇ ਹਾਈ ਕਮਾਨ ਤੱਕ ਆਪਣਾ ਪੱਖ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਦੂਜੇ ਪਾਸੇ, ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਤਿੰਨ ਮੈਂਬਰੀ ਨਿਗਰਾਨ ਕਮੇਟੀ ਆਪਣੀ ਰਿਪੋਰਟ ਹਾਈ ਕਮਾਨ ਨੂੰ ਸੌਂਪ ਚੁੱਕੀ ਹੈ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਸਲਾਹ ਨਾਲ ਜਲਦ ਫ਼ੈਸਲਾ ਲਿਆ ਜਾਵੇਗਾ, ਪਰ ਹੁਣ ਇਹ ਚਰਚਾ ਵੀ ਤੇਜ਼ ਹੋ ਗਈ ਹੈ ਕਿ ਜੇਕਰ ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ ਤੋਂ ਪਹਿਲਾਂ ਕੋਈ ਫ਼ੈਸਲਾ ਨਹੀਂ ਆਉਂਦਾ ਤਾਂ ਇਹ ਮਾਮਲਾ ਹੋਰ ਲੰਬੇ ਸਮੇਂ ਲਈ ਲਟਕ ਸਕਦਾ ਹੈ।
ਕਾਂਗਰਸ ਹਾਈਕਮਾਨ ਦੇ ਫ਼ੈਸਲੇ ਦੀ ਉਡੀਕ ’ਚ ਵਧੀ ਲੀਡਰਾਂ ਦੀ ਬੇਚੈਨੀ
ਅਜੀਤ ਡੈਸਕ
23-06-2026