ਚੰਡੀਗੜ੍ਹ, 22 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਯੂਥ ਕਾਂਗਰਸ ਜਥੇਬੰਦਕ ਚੋਣਾਂ ਦਾ ਨਤੀਜਾ ਦੇਰ ਸ਼ਾਮ ਐਲਾਨਿਆ ਗਿਆ ਜਿਸ ’ਚ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਲਈ ਸ਼ੁਭਮ ਦੇਵਗਨ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ । ਉਨ੍ਹਾਂ ਨੇ 1,60,154 ਵੋਟਾਂ ਪ੍ਰਾਪਤ ਕਰ ਕੇ ਆਪਣੇ ਨੇੜਲੇ ਵਿਰੋਧੀ ਗਗਨਦੀਪ ਸਿੰਘ ਨੂੰ ਸਖ਼ਤ ਮੁਕਾਬਲੇ ’ਚ ਪਿੱਛੇ ਛੱਡ ਦਿੱਤਾ । ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਹਿਲਾਂ ਟਵੀਟ ਕਰਦਿਆਂ ਸ਼ੁਭਮ ਦੇਵਗਨ ਨੂੰ ਯੂਥ ਕਾਂਗਰਸ ਦੇ ਪ੍ਰਧਾਨ ਵਲੋਂ ਵਧਾਈਆਂ ਦੇ ਦਿੱਤੀਆਂ, ਪਰ ਬਾਅਦ ਵਿਚ ਟਵੀਟ ਵਿਚ ਤਬਦੀਲੀ ਕਰਦੇ ਹੋਏ ਇਸ ਆਗੂ ਨੂੰ ਚੋਣਾਂ ਵਿਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ’ਤੇ ਸ਼ੁੱਭਕਾਮਨਾਵਾਂ ਦੇ ਦਿੱਤੀਆਂ। ਹਾਲਾਂਕਿ ਚੋਣਾਂ ਦੇ ਅਧਾਰ ’ਤੇ ਸ਼ੁਭਮ ਦੇਵਗਨ ਨੂੰ ਹੀ ਮੋਹਰੀ ਮੰਨਿਆ ਜਾ ਰਿਹਾ ਹੈ, ਪਰ ਪ੍ਰਧਾਨ ਵਜੋਂ ਕਾਂਗਰਸ ਪਾਰਟੀ ਵਲੋਂ ਅਜੇ ਰਸਮੀ ਐਲਾਨ ਹੋਣਾ ਬਾਕੀ ਹੈ । ਐਲਾਨੇ ਗਏ ਚੋਣ ਨਤੀਜਿਆਂ ਅਨੁਸਾਰ ਗਗਨਦੀਪ ਸਿੰਘ ਨੂੰ 1,56,271 ਵੋਟਾਂ ਮਿਲੀਆਂ, ਜਦੋਂ ਕਿ ਕਰਨਵੀਰ ਸਿੰਘ ਢਿੱਲੋਂ 94,181 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਚੋਣ ਵਿਚ ਕੁੱਲ 4,68,614 ਵੋਟਾਂ ਪਈਆਂ। ਪਾਰਟੀ ਦੀ ਰਸਮੀ ਪ੍ਰਵਾਨਗੀ ਅਤੇ ਐਲਾਨ ਤੋਂ ਬਾਅਦ ਸ਼ੁਭਮ ਦੇਵਗਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਣਗੇ ਜਿਸ ਸਬੰਧੀ ਪ੍ਰਕਿਰਿਆ ਜਾਰੀ ਹੈ। ਪ੍ਰਧਾਨ ਦੇ ਅਹੁਦੇ ਲਈ ਚੋਟੀ ਦੇ ਤਿੰਨ ਉਮੀਦਵਾਰਾਂ ਦਾ ਕਾਂਗਰਸ ਹਾਈ ਕਮਾਨ ਵਲੋਂ ਇੰਟਰਵਿਊ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਅਹੁਦੇ ਬਾਰੇ ਫ਼ੈਸਲਾ ਲਿਆ ਜਾਂਦਾ ਹੈ। ਸੂਬਾ ਜਨਰਲ ਸਕੱਤਰ ਦੇ ਅਹੁਦੇ ਲਈ ਗੁਰਜੋਤ ਸਿੰਘ ਨੂੰ ਸਭ ਤੋਂ ਵੱਧ 39,568 ਵੋਟਾਂ ਮਿਲੀਆਂ। ਉੱਥੇ ਸੂਬਾ ਸਕੱਤਰ ਦੇ ਅਹੁਦੇ ਲਈ ਰਵਿੰਦਰ ਸਿੰਘ 2,744 ਵੋਟਾਂ ਨਾਲ ਸੂਚੀ ਵਿਚ ਸਭ ਤੋਂ ਉੱਪਰ ਰਹੇ। ਕ੍ਰਮਵਾਰ ਉਪ-ਪ੍ਰਧਾਨ ਚੋਣਾਂ ਵਿਚ, ਪਰਮਵੀਰ ਸਿੰਘ ਢੱਡੇਕਟਵਾਲ ਨੂੰ ਸਭ ਤੋਂ ਵੱਧ ਸਮਰਥਨ ਮਿਲਿਆ, ਉਪ-ਪ੍ਰਧਾਨ (ਓ.ਬੀ.ਸੀ) ਦੇ ਅਹੁਦੇ ਲਈ 2,953 ਵੋਟਾਂ ਪ੍ਰਾਪਤ ਹੋਈਆਂ। ਨਵਤੇਜ ਸਿੰਘ ਅਮਰਕੋਟ ਨੇ 2,318 ਵੋਟਾਂ ਨਾਲ ਉਪ-ਪ੍ਰਧਾਨ (ਐੱਸਸੀ/ਐੱਸ. ਟੀ) ਸ਼੍ਰੇਣੀ ਜਿੱਤੀ। ਉਪ-ਪ੍ਰਧਾਨ (ਘੱਟ ਗਿਣਤੀ) ਦੇ ਅਹੁਦੇ ਲਈ ਅਰਸ਼ਦ ਖਾਨ ਰਾਣਾ ਨੇ ਸਭ ਤੋਂ ਵੱਧ 1,102 ਵੋਟਾਂ ਪ੍ਰਾਪਤ ਕੀਤੀਆਂ, ਜਦੋਂ ਕਿ ਸ਼ਿਵਾਨੀ ਸ਼ਰਮਾ ਨੇ ਉਪ-ਪ੍ਰਧਾਨ (ਓਪਨ ਮਹਿਲਾ) ਸ਼੍ਰੇਣੀ ਵਿਚ 2,125 ਵੋਟਾਂ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹੋਰ ਨਤੀਜਿਆਂ ਵਿਚ, ਰੁਪਿੰਦਰ ਸਿੰਘ ਭੁੱਲਰ 185 ਵੋਟਾਂ ਪ੍ਰਾਪਤ ਕਰਕੇ ਉਪ-ਪ੍ਰਧਾਨ (ਦਿਵਵਿਯਾਂਗ) ਦੇ ਅਹੁਦੇ ’ਤੇ ਅੱਗੇ ਰਹੇ, ਜਦੋਂ ਕਿ ਮਨਪ੍ਰੀਤ ਕੌਰ 104 ਵੋਟਾਂ ਨਾਲ ਉਪ-ਪ੍ਰਧਾਨ (ਓ.ਬੀ.ਸੀ ਮਹਿਲਾ) ਸ਼੍ਰੇਣੀ ਵਿਚ ਸਭ ਤੋਂ ਵੱਧ ਰਹੇ।
ਪੰਜਾਬ ਯੂਥ ਕਾਂਗਰਸ ਪ੍ਰਧਾਨ ਦੇ ਅਹੁਦੇ ਦੀਆਂ ਚੋਣ ’ਚ ਸ਼ੁਭਮ ਦੇਵਗਨ ਸਭ ਤੋਂ ਮੋਹਰੀ
ਅਜੀਤ ਡੈਸਕ
23-06-2026