ਰਾਜਪੁਰਾ (ਪਟਿਆਲਾ), 26 ਜੂਨ (ਜੀ.ਪੀ. ਸਿੰਘ)-ਅੱਜ ਦੁਪਹਿਰ ਪੁਰਾਣੇ ਅੰਡਰਬਿ੍ਰਜ ਰੋਡ ’ਤੇ ਲਾਈਫ਼ ਕੇਅਰ ਹਸਪਤਾਲ ਦੇ ਸਾਹਮਣੇ ਬਣੇ ਇਕ ਪਲਾਜ਼ਾ ਵਿਚ ਰਾਜਪੁਰਾ ਪ੍ਰਾਪਰਟੀ ਯੂਨੀਅਨ ਦੇ ਪ੍ਰਧਾਨ, ਰਾਜਪੁਰਾ ਵਪਾਰ ਮੰਡਲ ਦੇ ਪ੍ਰਧਾਨ ਅਤੇ ਸਥਾਨਕ ਵਿਧਾਇਕਾ ਨੀਨਾ ਮਿੱਤਲ ਦੇ ਕਰੀਬੀ ਰਮੇਸ਼ ਪਹੂਜਾ ਦੇ ਦਫ਼ਤਰ ਲਕਸ਼ਮੀ ਪ੍ਰਾਪਰਟੀਜ਼ ਅੰਦਰ ਇਕ ਨੌਜਵਾਨ ਨੇ ਅੰਨ੍ਹੇਵਾਹ 8 ਦੇ ਕਰੀਬ ਫਾਇਰ ਕੀਤੇ ਤੇ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਸ਼ਹਿਰੀ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਸੇਵਕ ਸਿੰਘ, ਸੀ.ਆਈ. ਸਟਾਫ਼ ਜ਼ਿਲ੍ਹਾ ਪਟਿਆਲਾ ਦੇ ਇੰਚਾਰਜ ਪ੍ਰਦੀਪ ਬਾਜਵਾ ਅਤੇ ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ ਮਨਪ੍ਰੀਤ ਸਿੰਘ ਅਤੇ ਪੁਲਿਸ ਫੋਰਸ ਮੌਕੇ ’ਤੇ ਪਹੁੰਚੀ। ਜਾਣਕਾਰੀ ਅਨੁਸਾਰ ਦੋ ਨੌਜਵਾਨ ਐਕਟਿਵਾ ’ਤੇ ਪਹਿਲਾਂ ਇਸ ਦਫ਼ਤਰ ਨੇੜੇ ਰੇਕੀ ਕਰਦੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋਏ ਤੇ ਕਰੀਬ ਡੇਢ ਵਜੇ ਦੇ ਕਰੀਬ ਇਕ ਨੌਜਵਾਨ ਐਕਟਿਵਾ ਸਟਾਰਟ ਕਰਕੇ ਪਲਾਜ਼ਾ ਵਿਚ ਇਕ ਪਾਸੇ ਖੜ੍ਹਾ ਰਿਹਾ ਤੇ ਦੂਜਾ ਮੂੰਹ ਬੰਨ੍ਹ ਕੇ ਰਮੇਸ਼ ਪਹੂਜਾ ਦੇ ਦਫ਼ਤਰ ’ਚ ਦਾਖ਼ਲ ਹੋਇਆ ਤੇ ਕਾਊਂਟਰ ’ਤੇ ਬੈਠੀ ਸਟਾਫ਼ ਮੈਂਬਰ ਪਿ੍ਅੰਕਾ ਸ਼ਰਮਾ ਨੂੰ ਪੁੱਛਿਆਂ ਕਿ ਰਮੇਸ਼ ਕਿੱਥੇ ਹੈ ਤੇ ਜਦੋਂ ਉਸ ਨੇ ਦੱਸਿਆ ਕਿ ਬਾਊ ਜੀ ਹੁਣੇ-ਹੁਣ ਬਾਹਰ ਗਏ ਹਨ। ਜਿਸ ’ਤੇ ਲੜਕੀ ਤਾਂ ਬਾਥਰੂਮ ’ਚ ਵੜ ਗਈ ਤੇ ਉਕਤ ਨੌਜਵਾਨ ਨੇ ਅੰਨ੍ਹੇਵਾਹ ਦਫ਼ਤਰ ਅੰਦਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਰੀਬ 8 ਫਾਇਰ ਕੰਧਾਂ ’ਤੇ ਮਾਰੇ। ਇਸ ਘਟਨਾ ਸੰਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਤੇ ਦਫ਼ਤਰ ਦਾ ਸ਼ਟਰ ਬੰਦ ਕਰਵਾ ਕੇ ਮੌਕੇ ਤੋਂ ਚਲੇ ਗਏ। ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਵਲੋਂ ਇਸ ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।