ਚੰਡੀਗੜ੍ਹ, 6 ਜੁਲਾਈ (ਪ੍ਰੋ ਅਵਤਾਰ ਸਿੰਘ) –ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਸੁਣਵਾਈ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿੱਜੀ ਅਤੇ ਪਰਿਵਾਰਕ ਵਚਨਬੱਧਤਾਵਾਂ ਦਾ ਹਵਾਲਾ ਦਿੰਦਿਆਂ 7 ਤੋਂ 11 ਜੁਲਾਈ ਤੱਕ ਵਿਦੇਸ਼ ਯਾਤਰਾ ਕਰਨ ਲਈ ਚੰਡੀਗੜ੍ਹ ਦੀ ਅਦਾਲਤ ਤੋਂ ਇਜਾਜ਼ਤ ਮੰਗੀ ਹੈ। ਅਰਜ਼ੀ ‘ਚ ਭਰੋਸਾ ਦਿੱਤਾ ਗਿਆ ਹੈ ਕਿ ਉਹ ਅਗਲੀ ਸੁਣਵਾਈ ਤੋਂ ਪਹਿਲਾਂ ਭਾਰਤ ਪਰਤ ਆਉਣਗੇ। ਚੰਡੀਗੜ੍ਹ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਿੰਦਰ ਸਿੱਧੂ ਦੀ ਅਦਾਲਤ ‘ਚ ਦਾਇਰ ਅਰਜ਼ੀ ਅਨੁਸਾਰ ਸੁਖਬੀਰ ਸਿੰਘ ਬਾਦਲ ਵਿਰੁੱਧ ਕੋਟਕਪੂਰਾ ਸਿਟੀ ਥਾਣੇ ਵਿਚ ਦਰਜ ਐੱਫ.ਆਈ.ਆਰ. ਨੰਬਰ 129 (ਮਿਤੀ 7 ਅਗਸਤ 2018) ਨਾਲ ਸੰਬੰਧਤ ਮਾਮਲੇ ਦੀ ਅਗਲੀ ਸੁਣਵਾਈ 17 ਜੁਲਾਈ 2026 ਨੂੰ ਨਿਰਧਾਰਿਤ ਹੈ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ 7 ਤੋਂ 11 ਜੁਲਾਈ ਤੱਕ ਨਿੱਜੀ ਅਤੇ ਪਰਿਵਾਰਕ ਰੁਝੇਵਿਆਂ ਕਾਰਨ ਵਿਦੇਸ਼ ਜਾਣਾ ਲਾਜ਼ਮੀ ਹੈ ਅਤੇ ਉਹ ਸੁਣਵਾਈ ਤੋਂ ਪਹਿਲਾਂ ਵਾਪਸ ਪਰਤ ਆਉਣਗੇ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਮੌਕਿਆਂ ‘ਤੇ ਉਨ੍ਹਾਂ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਮਿਲ ਚੁੱਕੀ ਹੈ।
ਸੁਖਬੀਰ ਵਲੋਂ ਵਿਦੇਸ਼ ਯਾਤਰਾ ਦੀ ਇਜਾਜ਼ਤ ਲਈ ਚੰਡੀਗੜ੍ਹ ਕੋਰਟ ’ਚ ਅਰਜ਼ੀ ਦਾਇਰ
ਅਜੀਤ ਡੈਸਕ
07-07-2026