ਅਬੋਹਰ, 10 ਜੁਲਾਈ (ਤੇਜਿੰਦਰ ਸਿੰਘ ਖਾਲਸਾ/ਵਿਵੇਕ ਹੂੜੀਆ)-ਅਬੋਹਰ ਨਗਰ ਨਿਗਮ ਮੇਅਰ ਦੀ ਸ਼ੁੱਕਰਵਾਰ ਬਾਅਦ ਦੁਪਹਿਰ ਹੋਈ ਚੋਣ ਕੁੱਝ ਘੰਟਿਆਂ ਦੀ ਹੀ ਮਹਿਮਾਨ ਰਹੀ। ਆਖ਼ਰ ਕਈ ਘੰਟੇ ਚਲੇ ਰੇੜਕੇ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਖੁਸ਼ੀਆਂ ਧਰੀਆਂ ਧਰਾਈਆਂ ਰਹਿ ਗਈਆਂ, ਕਿਉਂਕੀ ਆਖਰ ਨੂੰ ਰਾਤ 9:15 ਵਜੇ ਇਸ ਚੋਣ ਨੂੰ ਮੁਲਤਵੀ ਕਰਨਾ ਪਿਆ। ਦੇਰ ਰਾਤ ਸ਼ਾਮ ਨਾਇਬ ਤਹਿਸੀਲਦਾਰ ਖੂਈਆਂ ਸਰਵਰ ਨੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਨਿਗਮ ਅਬੋਹਰ ਦੇ ਮੇਅਰ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਇਸ ਸੰਬੰਧੀ ਪਿਛਲੇ ਕਰੀਬ ਚਾਰ ਘੰਟਿਆਂ ਤੋਂ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਡਿਵੀਜ਼ਨਲ ਕਮਿਸ਼ਨਰ ਬਬੀਤਾ ਕਲੇਰ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ,ਐਸ.ਡੀ.ਐਮ. ਕਿਰਪਾਲ ਵੀਰ ਸਿੰਘ ਨਾਲ ਮੀਟਿੰਗ ਚੱਲ ਰਹੀ ਸੀ, ਜਿਸ ਉਪਰੰਤ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੂਹੀਆਂ ਸਰਵਰ ਦੇ ਤਹਿਤ ਤਹਿਸੀਲਦਾਰ ਲਵਜੀਵਨ ਛਾਬੜਾ ਨੇ ਨਗਰ ਨਿਗਮ ਮਿਹਰ ਦੀ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਤੰਤਰ ਦੀ ਹੱਤਿਆ ਕਰਕੇ ਧੱਕੇ ਨਾਲ ਆਪਣੇ ਮੇਅਰ ਆਪਣਾ ਚਾਹੁੰਦੀ ਹੈ, ਜਦਕਿ ਅਜਿਹਾ ਕਿਸੇ ਵੀ ਹਾਲਤ ਵਿਚ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਬੋਹਰ ਨਗਰ ਨਿਗਮ ਵਿਚ ਭਾਜਪਾ ਕੋਲ 28 ਕੌਂਸਲਰ ਹਨ, ਜਦਕਿ ਆਮ ਆਦਮੀ ਪਾਰਟੀ ਕੋਲ 20 ਕੌਂਸਲਰ ਹਨ, ਜਿਸ ਤਹਿਤ ਧੱਕੇਸ਼ਾਹੀ ਨਾਲ ਆਮ ਆਦਮੀ ਪਾਰਟੀ ਦਾ ਮੇਅਰ ਐਲਾਨਿਆ ਗਿਆ, ਜਿਸ ਨੂੰ ਕਿਸੇ ਵੀ ਕੀਮਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਵਲੋਂ ਲਏ ਗਏ ਫੈਸਲੇ ਦੀ ਸ਼ਲਾਘਾ ਵੀ ਕੀਤੀ। ਜ਼ਿਕਰਯੋਗ ਹੈ ਕੀ ਇਸ ਤੋਂ ਪਹਿਲਾਂ ਨਗਰ ਨਿਗਮ ਮਿਹਰ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਗਣੇਸ਼ ਸਬਲਾਨੀਆਂ ਨੂੰ ਮੇਅਰ ਐਲਾਨ ਦਿੱਤਾ ਗਿਆ ਸੀ। ਅਬੋਹਰ ਨਗਰ ਨਿਗਮ ਦੇ 50 ਵਾਰਡਾਂ ਤੋਂ 28 ਕੌਂਸਲਰ ਭਾਰਤੀ ਜਨਤਾ ਪਾਰਟੀ ਦੇ ਹਨ, 20 ਕੌਂਸਲਰ ਆਮ ਆਦਮੀ ਪਾਰਟੀ, ਜਦਕਿ ਇਕ ਕੌਂਸਲਰ ਆਜ਼ਾਦ ਅਤੇ ਇਕ ਕਾਂਗਰਸ ਪਾਰਟੀ ਦਾ ਹੈ। ਇਸ ਤੋਂ ਪਹਿਲਾਂ ਹੋਈ ਚੋਣ ਦੌਰਾਨ ਪੁੱਜੇ ਅਧਿਕਾਰੀਆਂ ਵਲੋਂ ਜਿਵੇਂ ਹੀ ‘ਆਪ’ ਦੇ ਗਣੇਸ਼ ਸਬਲਾਨੀਆਂ ਨੂੰ ਮੇਅਰ ਐਲਾਨਿਆਂ ਤਾਂ ਉਸੇ ਵੇਲੇ ਹੀ ਭਾਜਪਾ ਦੇ ਸਮੂਹ ਕੌਂਸਲਰਾਂ ਵਲੋਂ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਪੁੱਜੇ ਕਮਿਸ਼ਨਰ ਬਬੀਤਾ ਕਲੇਰ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਸਮੇਤ ਬਾਕੀ ਅਧਿਕਾਰੀਆਂ ਦੀਆਂ ਕਾਰਾਂ ਦਾ ਘੇਰਾਓ ਕੀਤਾ ਗਿਆ, ਜਿਸ ਦੌਰਾਨ ਪੁਲਿਸ ਨੂੰ ਹਲਕਾ ਬੱਲ ਪ੍ਰਯੋਗ ਵੀ ਕਰਨਾ ਪਿਆ। ਅਧਿਕਾਰੀਆਂ ਦੇ ਘਿਰਾਓ ਤੋਂ ਬਾਅਦ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਮੌਕੇ ’ਤੇ ਪੁੱਜੇ। ਉਨ੍ਹਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ ਅਤੇ ਉਹ ਅਧਿਕਾਰੀਆਂ ਨੂੰ ਆਪਣੀ ਕਲਮ ਦਾ ਗਲਤ ਪ੍ਰਯੋਗ ਕਰਨ ਦੀ ਗੱਲ ਕਹਿੰਦੇ ਦਿਖਾਈ ਦਿੱਤੇ। ਦੇਰ ਰਾਤ ਤੱਕ ਚੱਲੇ ਇਹ ਰੇੜਕੇ ਤੋਂ ਬਾਅਦ ਚੋਣ ਮੁਲਤਵੀ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਤਰ੍ਹਾਂ ਆਪ ਨੂੰ ਸਿਰਫ਼ ਚੰਦ ਘੰਟਿਆਂ ਦਾ ਮੇਅਰ ਹੀ ਨਸੀਬ ਹੋ ਪਾਇਆ ਹੈ।