aਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ)-ਇਥੇ ਪੰਜਾਬ ਕਾਂਗਰਸ ਭਵਨ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਬੁਲਾਰੀ ਅਤੇ ਸੋਸ਼ਲ ਮੀਡੀਆ ਤੇ ਡਿਜ਼ੀਟਲ ਪਲੇਟਫਾਰਮ ਵਿਭਾਗ ਦੀ ਚੇਅਰਪਰਸਨ ਸੁਪ੍ਰੀਆ ਸ੍ਰੀਨੇਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦਾਨ ਚੋਰੀ ਮਾਮਲੇ ਵਿਚ ਜਵਾਬਦੇਹੀ ਤੋਂ ਨਹੀਂ ਬਚ ਸਕਦੇ, ਜਿਨ੍ਹਾਂ ਨੇ ਹਰ ਗੱਲ ਦਾ ਸਿਹਰਾ ਆਪਣੇ ਸਿਰ ਲਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਹਰ ਗੱਲ ਦਾ ਸਿਹਰਾ ਲੈਣ ਲਈ ਸ਼ੰਕਰਾਚਾਰਿਆਂ ਤੱਕ ਨੂੰ ਪਾਸੇ ਕਰ ਦਿੱਤਾ ਸੀ ਤਾਂ ਹੁਣ ਤੁਸੀਂ ਚੁੱਪ ਨਹੀਂ ਰਹਿ ਸਕਦੇ ਹੋ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ। ਸੁਪ੍ਰੀਆ ਸ੍ਰੀਨੇਤ ਨੇ ਕਿਹਾ ਕਿ ਇਹ ਸਿਰਫ਼ ਚੋਰੀ ਜਾਂ ਡਾਕਾ ਨਹੀਂ ਹੈ, ਸਗੋਂ ਕਰੋੜਾਂ ਹਿੰਦੂਆਂ ਦੀ ਆਸਥਾ ਅਤੇ ਭਰੋਸੇ ’ਤੇ ਬੇਰਹਿਮ ਹਮਲਾ ਹੈ, ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਮੰਦਰ ਨੂੰ ਦਾਨ ਕੀਤੀ ਸੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸਿਰਫ਼ 40 ਦਿਨਾਂ ਵਿਚ 70 ਚੋਰੀਆਂ ਹੋਈਆਂ, ਜੋ ਇਤਿਹਾਸ ਵਿਚ ਕਦੇ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਦੇ ਲੋਕ ਤਾਂ ਗਜ਼ਨਵੀ ਤੋਂ ਵੀ ਅੱਗੇ ਨਿਕਲ ਗਏ ਹਨ। ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ .ਨੇ ਮਹਾਪਾਪ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਭਗਵਾਨ ਸ੍ਰੀ ਰਾਮ ਦੇ ਨਾਂਅ ਦੀ ਵਰਤੋਂ ਸਿਰਫ਼ ਵੋਟਾਂ ਹਾਸਲ ਕਰਨ ਅਤੇ ਲੋਕਾਂ ਨੂੰ ਵੰਡਣ ਲਈ ਕਰਦੇ ਹਨ।