ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਢਿੱਗਾਂ ਡਿੱਗੀਆਂ
ਨਵੀਂ ਦਿੱਲੀ, 11 ਜੁਲਾਈ (ਏਜੰਸੀ)-ਸਨਿਚਰਵਾਰ ਨੂੰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪਿਆ। ਇਸ ਵਿਚਾਲੇ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਏ, ਜਿਥੇ ਢਿੱਗਾਂ ਡਿੱਗਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਤੇ ਜਨ-ਜੀਵਨ ਅਸਤ ਵਿਅਸਤ ਹੋ ਗਿਆ। ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੂਰਬੀ ਉਤਰ ਪ੍ਰਦੇਸ਼ ਤੇ ਮੇਘਾਲਿਆ ’ਚ ਬਹੁਤ ਭਾਰੀ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਪੱਛਮੀ ਬੰਗਾਲ, ਓਡੀਸ਼ਾ, ਝਾਰਖੰਡ, ਬਿਹਾਰ, ਪੰਜਾਬ, ਹਰਿਆਣਾ, ਪੱਛਮੀ ਉਤਰ ਪ੍ਰਦੇਸ਼, ਮਿਜ਼ੋਰਮ, ਤਾਮਿਲਨਾਡੂ ਤੇ ਕੇਰਲ ’ਚ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਨੇ 12 ਜੁਲਾਈ ਤੱਕ ਪੰਜਾਬ ਤੇ ਹਰਿਆਣਾ ਦੇ ਉੱਤਰੀ ਹਿਸਿੱਆਂ ’ਚ ਕੁਝ ਥਾਵਾਂ ’ਤੇ ਭਾਰੀ ਮੀਂਹ ਦਾ ਅਨੁਮਾਨ ਲਗਾਇਆ ਗਿਆ ਹੈ। ਬੀਤੇ 24 ਘੰਟਿਆਂ ਦਰਮਿਆਨ ਦੋਵਾਂ ਸੂਬਿਆਂ ਦੇ ਕਈ ਹਿੱਸਿਆਂ ’ਚ ਦਰਮਿਆਨੀ ਤੋਂ ਤੇਜ਼ ਬਾਰਿਸ਼ ਦਰਜ ਕੀਤੀ ਗਈ। ਉਤਰਾਖੰਡ ’ਚ ਢਿੱਗਾਂ ਡਿਗਣ ਨਾਲ ਤਿੰਨ ਰਾਸ਼ਟਰੀ ਰਾਜਮਾਰਗਾਂ ਸਮੇਤ 120 ਸੜਕਾਂ ਬੰਦ ਹੋ ਗਈਆਂ। ਉਥੇ ਹੀ ਯਮੁਨੋਤਰੀ ਰਾਸ਼ਟਰੀ ਰਾਜਮਾਰਗ ਦਾ ਇਕ ਹਿੱਸਾ ਰੁੜ ਜਾਣ ਤੇ ਰਸਤਾ ਬੰਦ ਹੋਣ ਕਾਰਨ ਕਰੀਬ 100 ਤੀਰਥਯਾਤਰੀਆਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ ਗਿਆ। ਐਸ.ਡੀ.ਆਰ.ਐਫ. ਅਨੁਸਾਰ ਵੀਰਵਾਰ ਨੂੰ ਪਏ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਸੜਕ ਦਾ ਕਰੀਬ 100 ਮੀਟਰ ਹਿੱਸਾ ਰੁੜ ਗਿਆ, ਜਿਸ ਨਾਲ ਉਤਰਕਾਸ਼ੀ ਜ਼ਿਲ੍ਹੇ ਦੇ ਸਿਆਨਾਚੱਟੀ ’ਚ ਹਾਈਵੇਅ ’ਤੇ ਭਾਰੀ ਮਾਤਰਾ ’ਚ ਮਲਬਾ ਇਕੱਠਾ ਹੋ ਗਿਆ ਤੇ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ। ਸ਼ਿਮਲਾ ਸ਼ਹਿਰ ਦੇ ਬੋਥਵੇਲ ਇਲਾਕੇ ’ਚ ਸੰਜੌਲੀ ਕਾਲਜ ਕੋਲ ਸੜਕ ਹੇਠਾਂ ਬਣੀ ਰਿਟੇਨਿੰਗ ਵਾਲ ਵੀ ਸਵੇਰ ਸਮੇਂ ਡਿਗ ਗਈ, ਜਿਸ ਨਾਲ ਮਲਬਾ ਹੇਠਾਂ ਬਣੇ ਰਿਹਾਇਸ਼ੀ ਘਰਾਂ ਵੱਲ ਜਾਣ ਲੱਗ ਪਿਆ।ਸ਼ਿਮਲਾ ਦੇ ਮੋਹਲ ਰਾਜਹਾਨਾ ’ਚ ਵੀ ਢਿੱਗਾਂ ਡਿੱਗਣ ਨਾਲ ਦੋ ਗੱਡੀਆਂ ਮਲਬੇ ਹੇਠ ਦੱਬ ਗਈਆਂ। ਕਿਨੌਰ ਜ਼ਿਲ੍ਹੇ ’ਚ ਲਿੱਪਾ ਨਾਲੇ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਲਿੱਪਾ ਬੱਸ ਅੱਡੇ ਨੇੜੇ ਇਕ ਘਰ ਡੁੱਬ ਗਿਆ ਤੇ ਹੋਰ ਘਰਾਂ ’ਤੇ ਖਤਰਾ ਮੰਡਰਾਅ ਰਿਹਾ ਹੈ। ਇਸ ਵਿਚਾਲੇ ਸਾਂਗਲਾ ਬੱਸ ਅੱਡੇ ਨੇੜੇ ਇਕ ਬੇਲੀ ਬ੍ਰਿਜ ਟੋਂਗਟੋਂਗਚੇ ਨਾਲੇ ’ਚ ਡਿਗ ਗਿਆ। ਰਾਜਧਾਨੀ ਦਿੱਲੀ ’ਚ ਹਲਕੇ ਮੀਂਹ ਦੇ ਅਨੁਮਾਨ ਵਿਚਾਲੇ ਘੱਟੋ ਘੱਟ ਤਾਪਮਾਨ ’ਚ ਕੁਝ ਵਾਧਾ ਹੋਇਆ ਹੈ।
ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ
ਅਜੀਤ ਡੈਸਕ
12-07-2026