ਨਵੀਂ ਦਿੱਲੀ, 12 ਜੁਲਾਈ (ਯੂ.ਐਨ.ਆਈ.) - ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ, ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ‘ਵ੍ਰਿਕਸ਼ ਮਿੱਤਰ ਅਭਿਆਨ’ (ਰੁੱਖ ਮਿੱਤਰ ਮੁਹਿੰਮ) ਰਾਹੀਂ ਵਾਤਾਵਰਣ ਸੰਭਾਲ ਨੂੰ ਇੱਕ ਜਨ ਲਹਿਰ ਵਿਚ ਬਦਲਣ ਲਈ ਇੱਕ ਵਿਸ਼ੇਸ਼ ਰੋਡਮੈਪ ਦਾ ਉਦਘਾਟਨ ਕੀਤਾ । ਉਨ੍ਹਾਂ ਨਾਗਰਿਕਾਂ ਨੂੰ ਬੂਟੇ ਲਗਾਉਣ ਨੂੰ ਇੱਕ ਨਿਯਮਤ ਸਮਾਜਿਕ ਜ਼ਿੰਮੇਵਾਰੀ ਵਜੋਂ ਅਪਣਾਉਣ ਦੀ ਅਪੀਲ ਕੀਤੀ । ਇੱਥੇ ਪੂਸਾ ਕੰਪਲੈਕਸ ਵਿਖੇ ‘ਵਾਤਾਵਰਣ ਸੰਭਾਲ ਸਹੁੰ ਪ੍ਰੋਗਰਾਮ ਅਤੇ ਵ੍ਰਿਕਸ਼ ਮਿੱਤਰ ਸੰਵਾਦ’ ਨੂੰ ਸੰਬੋਧਨ ਕਰਦੇ ਹੋਏ, ਚੌਹਾਨ ਨੇ ਦੇਸ਼ ਭਰ ਦੇ ਲਗਭਗ 17,000 ‘ਵ੍ਰਿਕਸ਼ ਮਿੱਤਰ’ (ਰੁੱਖ ਮਿੱਤਰ) ਵਲੰਟੀਅਰਾਂ ਨਾਲ ਗੱਲਬਾਤ ਕੀਤੀ । ਵਾਤਾਵਰਣ ਪ੍ਰੇਮੀ ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਅਨਿਲ ਜੋਸ਼ੀ, ਸਮਾਜ ਸੇਵਕ ਅਤੇ ਡਾਕਟਰ ਅਨੂਪ ਹਜ਼ੇਲਾ, ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਐਮ.ਐਲ. ਜਾਟ ਅਤੇ ਸੈਂਕੜੇ ਵਲੰਟੀਅਰ ਇਸ ਸਮਾਗਮ ਵਿੱਚ ਨਿੱਜੀ ਤੌਰ ’ਤੇ ਸ਼ਾਮਿਲ ਹੋਏ, ਜਦੋਂ ਕਿ ਹਜ਼ਾਰਾਂ ਲੋਕ ਵਰਚੁਅਲੀ ਸ਼ਾਮਿਲ ਹੋਏ । ਪਰਿਆਵਰਣ ਸੰਭਾਲ ਨੂੰ ਇੱਕ ਸਮੂਹਿਕ ਜ਼ਿੰਮੇਵਾਰੀ ਦੱਸਦੇ ਹੋਏ, ਚੌਹਾਨ ਨੇ ਕਿਹਾ ਕਿ ਇਹ ਪਹਿਲ ਕੁਦਰਤ ਦੀ ਰੱਖਿਆ ਲਈ ਵਚਨਬੱਧ ਨਾਗਰਿਕਾਂ ਦਾ ਇੱਕ ਦੇਸ਼ ਵਿਆਪੀ ਨੈੱਟਵਰਕ ਬਣਾਏਗੀ । ਉਨ੍ਹਾਂ ਕਿਹਾ ਕਿ ‘ਇੱਕ ਰੁੱਖ ਤੇ ਹਰ ਸਾਲ ਪੰਜ ਨਵੇਂ ਸਾਥੀ’ ਇਸ ਮੁਹਿੰਮ ਦਾ ਮੁੱਖ ਮੰਤਰ ਹੋਵੇਗਾ । ਉਨ੍ਹਾਂ ਨੇ ਹਰ ‘ਵ੍ਰਿਕਸ਼ ਮਿੱਤਰ’ ਨੂੰ ਅਪੀਲ ਕੀਤੀ ਕਿ ਉਹ ਹਰ ਸਾਲ ਘੱਟੋ-ਘੱਟ ਇੱਕ ਬੂਟਾ ਲਗਾਏ ਅਤੇ ਪੰਜ ਹੋਰ ਲੋਕਾਂ ਨੂੰ ਇਸ ਲਹਿਰ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰੇ । ਚੌਹਾਨ ਨੇ ਕਿਹਾ ਕਿ ਹਰ ਕੋਈ ਆਪਣੇ ਲਈ ਜਿਉਂਦਾ ਹੈ, ਪਰ ਸੱਚਾ ਜੀਵਨ ਉਹ ਹੈ ਜੋ ਦੂਜਿਆਂ ਨੂੰ ਜੀਵਨ ਦਿੰਦਾ ਹੈ । ਰੁੱਖ ਜੀਵਨ ਨੂੰ ਕਾਇਮ ਰੱਖਣ ਲਈ ਸਭ ਤੋਂ ਵੱਡਾ ਮਾਧਿਅਮ ਹਨ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰੁੱਖ ਆਕਸੀਜ਼ਨ ਪ੍ਰਦਾਨ ਕਰਦੇ ਹਨ, ਤਾਪਮਾਨ ਨੂੰ ਨਿਯੰਤ੍ਰਿਤ ਕਰਦੇ ਹਨ, ਜੈਵ ਵਿਭਿੰਨਤਾ ਨੂੰ ਬਣਾਈ ਰੱਖਦੇ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਭਵਿੱਖ ਨੂੰ ਸੁਰੱਖਿਅਤ ਕਰਦੇ ਹਨ ।
ਸ਼ਿਵਰਾਜ ਚੌਹਾਨ ਵਲੋਂ ਵਾਤਾਵਰਨ ਸੰਭਾਲ ਲਈ ਰੁੱਖ ਮਿੱਤਰ ਮੁਹਿੰਮ ਦਾ ਆਗਾਜ਼
ਅਜੀਤ ਡੈਸਕ
13-07-2026