ਫ਼ਿਰੋਜ਼ਪੁਰ, 14 ਜੁਲਾਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਮੁਖ਼ਬਰੀ ਦੇ ਆਧਾਰ ’ਤੇ ਜਾਂਚ ਦੌਰਾਨ ਸਫ਼ਲਤਾ ਹਾਸਿਲ ਕਰਦਿਆਂ ਦੋ ਨੌਜਵਾਨਾਂ ਨੂੰ 17 ਲੱਖ 35 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਂਟ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਫ਼ਿਰੋਜ਼ਪੁਰ ਦੇ ਏ.ਐੱਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਟੀਮ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਗਸ਼ਤ ਕਰ ਰਹੀ ਸੀ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਫ਼ਿਰੋਜ਼ਪੁਰ ਕੈਂਟ ਦੇ ਲਾਈਟਾਂ ਵਾਲੇ ਚੌਕ ਅਤੇ ਬੱਸ ਅੱਡੇ ਦੇ ਨੇੜੇ ਮੌਜੂਦ ਸੀ ਤਾਂ ਇਕ ਖ਼ਾਸ ਮੁਖ਼ਬਰ ਨੇ ਪੁਲਿਸ ਨੂੰ ਗੁਪਤ ਸੂਚਨਾ ਦਿੱਤੀ। ਮੁਖ਼ਬਰ ਨੇ ਦੱਸਿਆ ਕਿ ਜਾਅਲੀ ਨੋਟਾਂ ਦਾ ਧੰਦਾ ਕਰਨ ਵਾਲੇ ਦੋ ਨੌਜਵਾਨ, ਜਿਨ੍ਹਾਂ ਦੀ ਪਛਾਣ ਅਨੁਰਾਗ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬਾਹਮਣੀ ਵਾਲਾ, ਥਾਣਾ ਵੈਰੋਂ ਕੇ, ਜ਼ਿਲ੍ਹਾ ਫ਼ਾਜ਼ਿਲਕਾ ਅਤੇ ਰਾਜੀਵ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਡਿੱਬੀਪੁਰਾ, ਥਾਣਾ ਵੈਰੋਕੇ, ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ, ਮਿਲ ਕੇ ਨਕਲੀ ਕਰੰਸੀ ਨੂੰ ਸਪਲਾਈ ਕਰਨ ਦਾ ਨਾਜਾਇਜ਼ ਧੰਦਾ ਕਰਦੇ ਹਨ। ਇਤਲਾਹ ਮੁਤਾਬਿਕ ਇਹ ਦੋਵੇਂ ਮੁਲਜ਼ਮ ਅੱਜ ਵੀ ਵੱਡੀ ਮਾਤਰਾ ਵਿਚ ਜਾਅਲੀ ਨੋਟ ਲੈ ਕੇ ਅੱਗੇ ਕਿਸੇ ਗਾਹਕ ਨੂੰ ਸਪਲਾਈ ਕਰਨ ਦੀ ਫ਼ਿਰਾਕ ਵਿਚ ਸਨ। ਉਹ ਬੱਸ ਅੱਡਾ ਰੋਡ ’ਤੇ ਸਥਿਤ ਯਤੀਮਖ਼ਾਨਾ ਚੌਂਕ, ਫ਼ਿਰੋਜ਼ਪੁਰ ਕੈਂਟ ਕੋਲ ਖੜ੍ਹੇ ਹੋ ਕੇ ਕਿਸੇ ਦਾ ਇੰਤਜ਼ਾਰ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਮੁਖ਼ਬਰੀ ਮਿਲਣ ’ਤੇ ਪੁਲਿਸ ਟੀਮ ਨੇ ਦੱਸੇ ਗਏ ਸਥਾਨ ’ਤੇ ਰੇਡ ਕੀਤੀ। ਇਸ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਦਬੋਚ ਲਿਆ ਗਿਆ। ਤਲਾਸ਼ੀ ਲੈਣ ’ਤੇ ਉਨ੍ਹਾਂ ਦੇ ਕਬਜ਼ੇ ਵਿਚੋਂ 17 ਲੱਖ 35 ਹਜ਼ਾਰ ਰੁਪਏ ਦੀ ਭਾਰੀ ਜਾਅਲੀ ਕਰੰਸੀ ਬਰਾਮਦ ਹੋਈ।
ਫ਼ਿਰੋਜ਼ਪੁਰ ’ਚ 17 ਲੱਖ ਤੋਂ ਵੱਧ ਦੀ ਨਕਲੀ ਕਰੰਸੀ ਸਣੇ ਦੋ ਕਾਬੂ, ਸੀ.ਆਈ.ਏ. ਸਟਾਫ਼ ਵਲੋਂ ਫ਼ਾਜ਼ਿਲਕਾ ਦੇ ਦੋ ਨੌਜਵਾਨ ਗ੍ਰਿਫ਼ਤਾਰ
ਅਜੀਤ ਡੈਸਕ
15-07-2026