ਆਦਮਪੁਰ, 14 ਜੁਲਾਈ (ਰਮਨ ਦਵੇਸਰ)-ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ, ਵਾਈਸ-ਚਾਂਸਲਰ ਪ੍ਰੋ.ਪਲਵਿੰਦਰ ਸਿੰਘ ਅਤੇ ਸ. ਹਰਦਮਨ ਸਿੰਘ ਮਿਨਹਾਸ ਜੀ (ਸਕੱਤਰ) ਦੀ ਅਗਵਾਈ ਹੇਠ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ,ਖਿਆਲਾ (ਜਲੰਧਰ) ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਐਂਟਰਪ੍ਰਿਨਿਊਰਸ਼ਿਪ ਮਾਈਂਡਸੈੱਟ ਕੋਰਸ (ਈ.ਐਮ.ਸੀ) ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦਿਆਂ ਉੱਦਮਤਾ ਦੇ ਖੇਤਰ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਇਹ ਕੋਰਸ ਵਿਦਿਆਰਥੀਆਂ ਵਿੱਚ ਨਵੀਨ ਸੋਚ, ਸਿਰਜਣਾਤਮਕਤਾ, ਲੀਡਰਸ਼ਿਪ, ਸਵੈ-ਨਿਰਭਰਤਾ ਅਤੇ ਉੱਦਮੀ ਸੋਚ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪੰਜਾਬ ਸਟਾਰਟਅਪ ਐਪ ਤੇ ਉਪਲਬਧ ਤਾਜ਼ਾ ਅੰਕੜਿਆਂ ਅਨੁਸਾਰ, ਯੂਨੀਵਰਸਿਟੀ ਦੇ 422 ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਵਿਚਾਰਾਂ ਨੂੰ ਹਕੀਕਤ ਵਿਚ ਬਦਲਦਿਆਂ ਪੰਜਾਬ ਸਟਾਰਟਅਪ ਐਪ ‘ਤੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਵਿੱਚੋਂ 280 ਵਿਦਿਆਰਥੀਆਂ ਨੇ ਆਪਣੇ ਸਟਾਰਟਅੱਪ ਸਫਲਤਾਪੂਰਵਕ ਬਾਜ਼ਾਰ ਵਿੱਚ ਸ਼ੁਰੂ ਕਰ ਦਿੱਤੇ ਹਨ। ਸਮੂਹ ਵਿਦਿਆਰਥੀ ਨੇ ਮਿਲ ਕੇ ਇੱਕ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਈ.ਐਮ.ਸੀ ਦੇ ਪ੍ਰਭਾਵਸ਼ਾਲੀ ਲਾਗੂਕਰਨ ਵਿੱਚ ਪੰਜਾਬ ਦੀਆਂ ਰਾਜ ਯੂਨੀਵਰਸਿਟੀਆਂ ਵਿੱਚ ਦੂਜਾ ਸਥਾਨ ਅਤੇ ਵਿਦਿਆਰਥੀ ਉੱਦਮਤਾ ਰਾਹੀਂ ਆਮਦਨ ਸਿਰਜਣ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਪਲਵਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਨਵੀਨ ਸੋਚ, ਅਧਿਆਪਕਾਂ ਦੀ ਮਿਹਨਤ ਅਤੇ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਨੀਤੀ ਦਾ ਸਾਂਝਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਦੀ ਤਲਾਸ਼ ਕਰਨ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਉੱਦਮੀ ਬਣਨ ਦੀ ਲੋੜ ਹੈ। ਈ.ਐਮ.ਸੀ ਇਸ ਦਿਸ਼ਾ ਵਿੱਚ ਵਿਦਿਆਰਥੀਆਂ ਨੂੰ ਨਵੀਂ ਸੋਚ, ਜੋਖ਼ਮ ਉਠਾਉਣ ਦੀ ਸਮਰੱਥਾ ਅਤੇ ਕਾਰੋਬਾਰ ਸਥਾਪਿਤ ਕਰਨ ਦਾ ਵਿਸ਼ਵਾਸ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਫੈਕਲਟੀ ਵਿਕਾਸ, ਉਦਯੋਗਿਕ ਭਾਈਵਾਲੀ ਅਤੇ ਸਟਾਰਟਅੱਪ ਫੰਡਿੰਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਵਿੱਚ ਉੱਦਮੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨਾ ਹੈ।
ਐਂਟਰਪ੍ਰਿਨਿਊਰਸ਼ਿਪ ਮਾਈਂਡਸੈੱਟ ਕੋਰਸ ਵਿਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸ਼ਾਨਦਾਰ ਪ੍ਰਾਪਤੀ
ਅਜੀਤ ਡੈਸਕ
15-07-2026