ਕਿਹਾ, ਫਿਲਮ ‘ਸਤਲੁਜ’ ਨੂੰ ਲੈ ਕੇ ਚਲ ਰਿਹਾ ਵਿਵਾਦ ਖ਼ਤਮ ਹੋਣਾ ਚਾਹੀਦਾ
ਚੰਡੀਗੜ੍ਹ, 14 ਜੁਲਾਈ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਦੁਪਹਿਰ ਲਗਭਗ 3 ਵਜੇ ਅਭਿਲਾਸ਼ੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਦੇ ਚਾਰ ਮੁੜ ਵਿਕਸਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ।ਢਿੱਲੋਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਖ਼ੁਦ ਕਰਨਗੇ, ਜਦਕਿ ਐੱਸ.ਏ.ਐੱਸ. ਨਗਰ (ਮੁਹਾਲੀ) ਰੇਲਵੇ ਸਟੇਸ਼ਨ, ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਅਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਨੂੰ ਵਰਚੂਅਲ ਮਾਧਿਅਮ ਰਾਹੀਂ ਰਾਸ਼ਟਰ ਨੂੰ ਸਮਰਪਿਤ ਕਰਨਗੇ।ਢਿੱਲੋਂ ਨੇ ਇਸ ਨੂੰ ਪੰਜਾਬ ਦੇ ਰੇਲਵੇ ਬੁਨਿਆਦੀ ਢਾਂਚੇ ਲਈ ਇਕ ਇਤਿਹਾਸਕ ਪਲ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ ਅਤੇ ਯਾਤਰੀ-ਅਨੁਕੂਲ ਆਵਾਜਾਈ ਕੇਂਦਰਾਂ ਵਜੋਂ ਵਿਕਸਤ ਕੀਤਾ ਗਿਆ ਹੈ। ਇਥੇ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਸਥਾਨਕ ਵਿਰਾਸਤ ਅਤੇ ਵਾਸਤੂਕਲਾ ਦੀ ਪਛਾਣ ਨੂੰ ਵੀ ਸੁਰੱਖਿਅਤ ਰੱਖਿਆ ਗਿਆ ਹੈ। ਮੁੜ ਵਿਕਾਸ ਦੇ ਤਹਿਤ ਯਾਤਰੀਆਂ ਲਈ ਬਿਹਤਰ ਸਹੂਲਤਾਂ, ਸੁਗਮ ਪਹੁੰਚ, ਆਧੁਨਿਕ ਉਡੀਕ ਹਾਲ, ਵਿਸ਼ਾਲ ਕਾਂਕੋਰਸ, ਅੱਪਗ੍ਰੇਡ ਕੀਤੇ ਪਲੇਟਫ਼ਾਰਮ, ਲਿਫਟਾਂ, ਐਸਕੇਲੇਟਰ ਅਤੇ ਹੋਰ ਯਾਤਰੀ-ਅਨੁਕੂਲ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫਿਲਮ ‘ਸਤਲੁਜ’ ਨੂੰ ਲੈ ਕੇ ਚਲ ਰਿਹਾ ਵਿਵਾਦ ਖ਼ਤਮ ਹੋਣਾ ਚਾਹੀਦਾ ਹੈ।ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੁਰਾਣੇ ਜ਼ਖ਼ਮ ਕੁਰੇਦਣ ਨਾਲ ਕਿਸੇ ਦਾ ਭਲਾ ਨਹੀਂ ਹੋਵੇਗਾ, ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਦਰਦ ਅਤੇ ਖ਼ੂਨ-ਖ਼ਰਾਬਾ ਸਹਿ ਚੁੱਕਾ ਹੈ ਅਤੇ ਇਨ੍ਹਾਂ ਨੂੰ ਭਰਨ ’ਚ ਸਮਾਂ ਲੱਗਦਾ ਹੈ।
ਪ੍ਰਧਾਨ ਮੰਤਰੀ ਵਲੋਂ ਪੰਜਾਬ ਦੇ ਚਾਰ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ 17 ਨੂੰ-ਕੇਵਲ ਸਿੰਘ ਢਿੱਲੋਂ
ਅਜੀਤ ਡੈਸਕ
15-07-2026