ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਹੱਦਬੰਦੀ ਸੰਬੰਧੀ ਸੰਵਿਧਾਨਕ ਸੋਧ ਬਿੱਲ ’ਤੇ ਸਰਬ-ਪਾਰਟੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਸਦ ’ਚ ਇਸ ਬਿੱਲ ਨੂੰ ਪੇਸ਼ ਕਰਨ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਇਸ ਦੇ ਅਧਿਐਨ ਲਈ ਢੁੱਕਵਾਂ ਸਮਾਂ ਦਿੱਤਾ ਜਾਵੇ। ਖੜਗੇ ਨੇ ਆਪਣੇ ਪੱਤਰ ’ਚ ਦੱਸਿਆ ਕਿ ਉਨ੍ਹਾਂ ਨੇ ਮਾਰਚ ਅਤੇ ਅਪ੍ਰੈਲ ’ਚ ਵੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੂੰ ਇਸ ਸੰਬੰਧੀ ਪੱਤਰ ਲਿਖੇ ਸਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਹੱਦਬੰਦੀ ਨਾਲ ਸੰਬੰਧਿਤ ਬਿੱਲ ’ਤੇ ਚਰਚਾ ਲਈ ਸਰਬ-ਪਾਰਟੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਸੀ। ਹਾਲਾਂਕਿ ਸਰਕਾਰ ਨੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ। ਜਿਸ ਦੇ ਬਾਅਦ 17 ਅਪ੍ਰੈਲ, 2026 ਨੂੰ ਲੋਕ ਸਭਾ ’ਚ ਸੰਵਿਧਾਨ (131ਵੀਂ ਸੋਧ) ਬਿੱਲ, 2026 ਲੋੜੀਦਾ ਦੋ ਤਿਹਾਈ ਬਹੁਮਤ ਪ੍ਰਾਪਤ ਕਰਨ ’ਚ ਅਸਫਲ ਰਿਹਾ ਸੀ। ਖੜਗੇ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਮੌਨਸੂਨ ਇਜਲਾਸ ’ਚ ਇਸ ਬਿੱਲ ਨੂੰ ਮੁੜ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਸਰਕਾਰ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਜਲਦ ਲਾਗੂ ਕਰਨ ਲਈ ਇਸ ਬਿੱਲ ਨੂੰ ਪਾਸ ਕਰਨਾ ਚਾਹੁੰਦੀ ਹੈ। ਮੌਜੂਦਾ ਕਾਨੂੰਨ ਤਹਿਤ ਮਹਿਲਾ ਰਾਖਵਾਂਕਰਨ 2034 ਤੋਂ ਪਹਿਲਾ ਲਾਗੂ ਨਹੀਂ ਹੋ ਸਕਦਾ,ਕਿਉਂਕਿ ਇਹ ਪ੍ਰਕਿਰਆ 2027 ਦੀ ਜਨਗਣਨਾ ਦੇ ਬਾਅਦ ਹੋਣ ਵਾਲੀ ਹੱਦਬੰਦੀ ਨਾਲ ਜੁੜੀ ਹੈ।
ਹੱਦਬੰਦੀ ਬਿੱਲ ’ਤੇ ਸਰਬ ਪਾਰਟੀ ਮੀਟਿੰਗ ਬੁਲਾਉਣ ਸੰਬੰਧੀ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਅਜੀਤ ਡੈਸਕ
17-07-2026