ਅਮਲੋਹ (ਪਟਿਆਲਾ), 22 ਜੁਲਾਈ (ਹਰਪ੍ਰੀਤ ਸਿੰਘ ਗਿੱਲ, ਕੇਵਲ ਸਿੰਘ)-ਨਜ਼ਦੀਕੀ ਪਿੰਡ ਖਨਿਆਣ ਵਿਚ ਜ਼ਹਿਰੀਲੀ ਗੈਸ ਦੇ ਚੜ੍ਹਨ ਕਾਰਨ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਜਾਣ ਨਾਲ ਪੂਰਾ ਇਲਾਕਾ ਗਹਿਰੇ ਸੋਗ ਵਿੱਚ ਡੁੱਬ ਗਿਆ ਹੈ। ਇਸ ਦਰਦਨਾਕ ਘਟਨਾ ਵਿਚ ਪਰਿਵਾਰ ਦੀਆਂ ਦੋ ਹੋਰ ਬੱਚੀਆਂ ਅਤੇ ਇਕ ਔਰਤ ਨੂੰ ਗੰਭੀਰ ਹਾਲਤ ਵਿਚ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਖਨਿਆਣ ਦੇ ਸਰਪੰਚ ਪਰਮਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਰਿਵਾਰ ਨੇ ਕਣਕ ਵਾਲੇ ਢੋਲ ’ਚ ਕੀਟਨਾਸ਼ਕ ਦਵਾਈ ਰੱਖੀ ਸੀ। ਇਹ ਢੋਲ ਉਸ ਕਮਰੇ ਵਿਚ ਰੱਖਿਆ ਹੋਇਆ ਸੀ, ਜਿਸ ਦਾ ਸਿਰਫ਼ ਇਕ ਹੀ ਦਰਵਾਜ਼ਾ ਸੀ ਅਤੇ ਉਹ ਦਰਵਾਜ਼ਾ ਉਸ ਕਮਰੇ ਰਾਹੀਂ ਖੁੱਲ੍ਹਦਾ ਸੀ, ਜਿੱਥੇ ਪੀੜਤ ਪਰਿਵਾਰ ਦੇ ਮੈਂਬਰ ਸੁੱਤੇ ਹੋਏ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੀਟਨਾਸ਼ਕ ’ਚੋਂ ਨਿਕਲੀ ਜ਼ਹਿਰੀਲੀ ਗੈਸ ਕਮਰੇ ਵਿਚ ਫੈਲਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ 13 ਦਿਨਾਂ ਦੀ ਨਵਜੰਮੀ ਬੱਚੀ ਹਰਸੀਰਤ ਕੌਰ ਦੀ ਤਬੀਅਤ ਵਿਗੜੀ, ਜਿਸ ਨੂੰ ਪਰਿਵਾਰਕ ਮੈਂਬਰ ਮੰਡੀ ਗੋਬਿੰਦਗੜ੍ਹ ਦੇ ਇਕ ਬੱਚਿਆਂ ਦੇ ਡਾਕਟਰ ਕੋਲ ਲੈ ਗਏ ਉੱਥੋਂ ਦਵਾਈ ਲੈ ਕੇ ਉਹ ਘਰ ਵਾਪਸ ਆ ਗਏ ਪਰ ਰਾਤ ਸਮੇਂ ਬੱਚੀ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਹਸਪਤਾਲ ਪਹੁੰਚਣ ’ਤੇ ਉਸ ਦੀ ਮੌਤ ਹੋ ਗਈ। ਅਗਲੇ ਦਿਨ ਜ਼ਹਿਰੀਲੀ ਗੈਸ ਦਾ ਮਾਰੂ ਅਸਰ ਚਾਰ ਸਾਲਾ ਮਨਰਾਜ ਸਿੰਘ ’ਤੇ ਵੀ ਹੋ ਗਿਆ। ਉਸ ਨੂੰ ਪਹਿਲਾਂ ਅਮਲੋਹ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਗੰਭੀਰ ਹਾਲਤ ਦੇ ਮੱਦੇਨਜ਼ਰ ਪਰਿਵਾਰਕ ਮੈਂਬਰ ਉਸ ਨੂੰ ਖੰਨਾ ਦੇ ਇਕ ਨਿੱਜੀ ਹਸਪਤਾਲ ਵਿਚ ਲੈ ਗਏ ਪਰ ਉੱਥੇ ਪਹੁੰਚਦੇ ਹੀ ਉਸ ਨੇ ਵੀ ਦਮ ਤੋੜ ਦਿੱਤਾ। ਇਸੇ ਪਰਿਵਾਰ ਦੀਆਂ ਦੋ ਬੱਚੀਆਂ ਹਰਜੱਸ ਕੌਰ ਤੇ ਖੁਸ਼ੀ, ਅਤੇ ਔਰਤ ਅਕਵਿੰਦਰ ਕੌਰ ਵੀ ਜ਼ਹਿਰੀਲੀ ਗੈਸ ਦੇ ਪ੍ਰਭਾਵ ਕਾਰਨ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿਚ ਜ਼ੇਰੇ ਇਲਾਜ ਹਨ। (ਬਾਕੀ ਸਫਾ 9 ’ਤੇ)