ਲੁਧਿਆਣਾ, 23 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ 2021 ਵਿਚ ਜਗਰਾਉਂ ਅਨਾਜ ਮੰਡੀ ਵਿਚ ਦੋ ਸਹਾਇਕ ਸਬ ਇੰਸਪੈਕਟਰਾਂ ਨੂੰ ਗੋਲੀ ਮਾਰ ਕੇ ਮਾਰਨ ਦੇ ਮਾਮਲੇ ਵਿਚ ਅੱਠ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਵਿਚੋਂ ਦੋ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫ਼ੈਸਲਾ ਸੁਣਾਉਂਦੇ ਹੋਏ ਐਡੀਸ਼ਨਲ ਸੈਸ਼ਨ ਜੱਜ ਸਾਰੂ ਮਹਿਤਾ ਕੌਸ਼ਿਕ ਦੀ ਅਦਾਲਤ ਨੇ ਦਰਸ਼ਨ ਸਿੰਘ ਵਾਸੀ ਪਿੰਡ ਜੋਧਾਂ ਅਤੇ ਬਲਜਿੰਦਰ ਸਿੰਘ ਉਰਫ਼ ਬੱਬੀ ਵਾਸੀ ਬਾਘਾ ਪੁਰਾਣਾ, ਮੋਗਾ ਨੂੰ ਏ.ਐਸ.ਆਈ. ਭਗਵਾਨ ਸਿੰਘ, ਏ.ਐਸ.ਆਈ. ਦਲਵਿੰਦਰਜੀਤ ਸਿੰਘ ਦੀ ਹੱਤਿਆ ਦੇ ਦੋਸ਼ ਵਿਚ 85,500 ਰੁਪਏ ਦੇ ਜੁਰਮਾਨੇ ਦੇ ਨਾਲ ਸਖ਼ਤ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਮਾਮਲੇ ਵਿਚ ਨਾਮਜ਼ਦ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਕੋਲਕਾਤਾ ਵਿਖੇ ਹੋਏ ਇਕ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਸਨ। ਇਸ ਮਾਮਲੇ ਵਿਚ ਨਾਮਜ਼ਦ ਇਕ ਦੋਸ਼ੀ ਭਰਤ ਕੁਮਾਰ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦੋਂਕਿ ਦੂਜੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਲੱਕੀ, ਸਤਪਾਲ ਕੌਰ, ਗਗਨਦੀਪ ਸਿੰਘ, ਨਾਨਕ ਚੰਦ ਅਤੇ ਜਸਪ੍ਰੀਤ ਸਿੰਘ ਨੂੰ 5000 ਰੁਪਏ ਦੇ ਜੁਰਮਾਨੇ ਦੇ ਨਾਲ ਤਿੰਨ-ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸਰਕਾਰ ਨੂੰ ਮ੍ਰਿਤਕ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਪੀੜਤ ਮੁਆਵਜ਼ਾ ਯੋਜਨਾ ਤਹਿਤ ਢੁਕਵਾਂ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ, ਕਿਉਂਕਿ ਉਨ੍ਹਾਂ ਦੀ ਸਰਕਾਰੀ ਡਿਊਟੀ ਕਰਦੇ ਹੋਏ ਮੌਤ ਹੋ ਗਈ ਹੈ। ਵੇਰਵਿਆਂ ਦਾ ਖ਼ੁਲਾਸਾ ਕਰਦੇ ਹੋਏ ਵਧੀਕ ਸਰਕਾਰੀ ਵਕੀਲ ਆਰ.ਐਸ. ਚਾਹਲ ਨੇ ਦੱਸਿਆ ਕਿ ਮੁਕੱਦਮਾ 2022 ਤੋਂ ਲੰਬਿਤ ਸੀ ਅਤੇ ਇਸ ਵਿਚ ਵਿਆਪਕ ਦਸਤਾਵੇਜ਼ੀ ਅਤੇ ਫੋਰੈਂਸਿਕ ਸਬੂਤ ਸ਼ਾਮਿਲ ਸਨ। ਇਸਤਗਾਸਾ ਪੱਖ ਨੇ ਮੁਲਜ਼ਮਾਂ ਦੇ ਦੋਸ਼ ਨੂੰ ਸਾਬਤ ਕਰਨ ਲਈ 73 ਗਵਾਹਾਂ ਦੇ ਬਿਆਨ ਅਦਾਲਤ ਵਿਚ ਦਰਜ ਕਰਵਾਏ ਗਏ।ਨਾਮਜ਼ਦ ਦੋਸ਼ੀਆਂ ਵਿਚ ਕੁੱਝ ਤਾਂ ਸਿੱਧੇ ਤੌਰ ‘ਤੇ ਇਸ ਮਾਮਲੇ ਵਿਚ ਸ਼ਾਮਿਲ ਸਨ, ਜਦਕਿ ਕੁਝ ਮੁੱਖ ਦੋਸ਼ੀਆਂ ਨੂੰ ਪਨਾਹ ਦੇਣ, ਉਨ੍ਹਾਂ ਦੀ ਸਹਾਇਤਾ, ਹਥਿਆਰ ਸਪਲਾਈ ਸਬੂਤਾਂ ਨੂੰ ਨਸ਼ਟ ਕਰਨ ਦੇ ਮਾਮਲੇ ਵਿਚ ਸ਼ਾਮਿਲ ਪਾਏ ਗਏ ਸਨ। ਇਸਤਗਾਸਾ ਪੱਖ ਅਨੁਸਾਰ ਇਹ ਘਟਨਾ 15 ਮਈ, 2021 ਦੀ ਸ਼ਾਮ ਨੂੰ ਵਾਪਰੀ, ਜਦੋਂ ਏ.ਐਸ.ਆਈ. ਭਗਵਾਨ ਸਿੰਘ, ਏ.ਐਸ.ਆਈ. ਦਲਵਿੰਦਰਜੀਤ ਸਿੰਘ ਅਤੇ ਹੋਮ ਗਾਰਡ ਦਾ ਜਵਾਨ ਰਾਜਵਿੰਦਰ ਸਿੰਘ ਡਿਊਟੀ ਦੌਰਾਨ ਇਕ ਨਿੱਜੀ ਵਾਹਨ ਵਿਚ ਜਾ ਰਹੇ ਸਨ ਕਿ ਜਗਰਾਉਂ ਦੀ ਨਵੀਂ ਅਨਾਜ ਮੰਡੀ ਦੇ ਅੰਦਰ ਖੜ੍ਹੀ ਇਕ ਚਿੱਟੀ ਹੁੰਡਈ ਆਈ-10 ਕਾਰ ਅਤੇ ਇਕ ਕੈਂਟਰ ਨੇੜੇ ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਜਦੋਂ ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਪਛਾਣ ਪੱਤਰ ਮੰਗੇ ਤਾਂ ਏ.ਐਸ.ਆਈ. ਭਗਵਾਨ ਸਿੰਘ ਨੇ ਉਨ੍ਹਾਂ ਵਿਚੋਂ ਇਕ ਨੂੰ ਗੈਂਗਸਟਰ ਜੈਪਾਲ ਭੁੱਲਰ ਨੂੰ ਪਛਾਣ ਲਿਆ, ਜਿਸ ਤੋਂ ਬਾਅਦ ਗੈਂਗਸਟਰ ਭੁੱਲਰ ਤੇ ਉਸ ਦੇ ਸਾਥੀਆਂ ਵਲੋਂ ਚਲਾਈਆਂ ਗੋਲੀਆਂ ਨਾਲ ਉਕਤ ਤਿੰਨੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਦਕਿ ਇਨ੍ਹਾਂ ਵਿਚੋਂ ਹੋਮ ਗਾਰਡ ਦਾ ਜਵਾਨ ਬਾਅਦ ਵਿਚ ਬਚ ਗਿਆ, ਜਦਕਿ ਦੋਵੇਂ ਏ.ਐਸ.ਆਈ. ਦੀ ਮੌਤ ਹੋ ਗਈ ਸੀ। ਹਮਲਾਵਰ ਮੌਕੇ ਤੋਂ ਭੱਜਣ ਤੋਂ ਪਹਿਲਾਂ ਇਕ ਅਧਿਕਾਰੀ ਦਾ ਸਰਵਿਸ ਪਿਸਤੌਲ ਅਤੇ ਇਕ ਮੋਬਾਈਲ ਫ਼ੋਨ ਖੋਹ ਕੇ ਭੱਜ ਗਏ। ਜਾਂਚ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵਾਹਨ, ਹਥਿਆਰ, ਗੋਲਾ ਬਾਰੂਦ, ਜਾਅਲੀ ਰਜਿਸਟ੍ਰੇਸ਼ਨ ਸਰਟੀਫਿਕੇਟ, ਇਲੈੱਕਟ੍ਰਾਨਿਕ ਉਪਕਰਨ ਅਤੇ ਹੋਰ ਸਮਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ।
ਗੈਂਗਸਟਰ ਜੈਪਾਲ ਭੁੱਲਰ ਮਾਮਲਾ-ਦੋ ਸਹਾਇਕ ਸਬ ਇੰਸਪੈਕਟਰਾਂ ਦੀ ਹੱਤਿਆ ਦੇ ਦੋਸ਼ ’ਚ ਦੋ ਜਣਿਆਂ ਨੂੰ ਉਮਰ ਕੈਦ
ਅਜੀਤ ਡੈਸਕ
24-07-2026