ਭਾਰਤ ਵਲੋਂ ਜਲ ਸਰੋਤਾਂ ਨੂੰ ਹਥਿਆਰ ਬਣਾਉਣ ਦੀ ਕੋਸ਼ਿਸ਼ ਕੌਮਾਂਤਰੀ ਜ਼ਿੰਮੇਵਾਰੀਆਂ ਦੀ ਉਲੰਘਣਾ-ਇਸਹਾਕ ਡਾਰ
ਅੰਮ੍ਰਿਤਸਰ, 23 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕੌਮਾਂਤਰੀ ਭਾਈਚਾਰੇ ਅਤੇ ਆਸੀਆਨ ਖੇਤਰੀ ਫੋਰਮ (ਏ.ਆਰ.ਐੱਫ.) ਨੂੰ ਮੁੱਖ ਖੇਤਰੀ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਅਣਸੁਲਝਿਆ ਜੰਮੂ-ਕਸ਼ਮੀਰ ਵਿਵਾਦ ਅਤੇ ਸਿੰਧੂ ਜਲ ਸੰਧੀ ਨੂੰ ਮੁਲਤਵੀ ਰੱਖਣ ਦਾ ਭਾਰਤ ਦਾ ਇਕਪਾਸੜ ਫ਼ੈਸਲਾ ਦੱਖਣੀ ਏਸ਼ੀਆਈ ਅਸਥਿਰਤਾ ਦੇ ਕੇਂਦਰ ‘ਚ ਹੈ। ਡਾਰ ਨੇ ਅੱਜ 33ਵੀਂ ਏ.ਆਰ.ਐੱਫ. ਮੰਤਰੀ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਖਣੀ ਏਸ਼ੀਆਈ ਸਥਿਰਤਾ, ਖਾੜੀ ਸਥਿਤੀ, ਗਾਜ਼ਾ, ਅੱਤਵਾਦ ਵਿਰੋਧੀ, ਅਫ਼ਗਾਨਿਸਤਾਨ, ਯੂਕਰੇਨ, ਦੱਖਣੀ ਚੀਨ ਸਾਗਰ ਅਤੇ ਜਲਵਾਯੂ ਪਰਿਵਰਤਨ ਨੂੰ ਉਜਾਗਰ ਕਰਦੇ ਹੋਏ ਵਿਸ਼ਵ ਅਤੇ ਖੇਤਰੀ ਸੁਰੱਖਿਆ ਨੂੰ ਖ਼ਤਰੇ ‘ਚ ਪਾਉਣ ਵਾਲੀਆਂ 8 ਮੁੱਖ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਮੀਟਿੰਗ ’ਚ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ, ਖ਼ਾਸ ਕਰਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਮੂ-ਕਸ਼ਮੀਰ ਵਿਵਾਦ ਨੂੰ ਹੱਲ ਕਰਨ ‘ਚ ਅਸਫਲਤਾ ਨੇ ਗੰਭੀਰ ਖੇਤਰੀ ਸਥਿਰਤਾ ਮੁੱਦਿਆਂ ਨੂੰ ਤੇਜ਼ ਕੀਤਾ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਚਾਰਟਰ ਸੰਬੰਧਿਤ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਅਤੇ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਦੇ ਅਨੁਸਾਰ ਨਿਆਂਪੂਰਨ ਅਤੇ ਸ਼ਾਂਤੀਪੂਰਨ ਹੱਲ ਦੀ ਵਕਾਲਤ ਕਰਦਿਆਂ ਸਿੰਧੂ ਜਲ ਸੰਧੀ ਨੂੰ ਮੁਲਤਵੀ ਰੱਖਣ ਦੇ ਭਾਰਤੀ ਫ਼ੈਸਲੇ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਡਾਰ ਨੇ ਚਿਤਾਵਨੀ ਦਿੱਤੀ ਕਿ ਜਲ ਸਰੋਤਾਂ ਨੂੰ ਹਥਿਆਰਬੰਦ ਕਰਨ ਦੀ ਕੋਸ਼ਿਸ਼ ਕੌਮਾਂਤਰੀ ਜ਼ਿੰਮੇਵਾਰੀਆਂ ਦੀ ਉਲੰਘਣਾ ਹੈ ਅਤੇ ਪਾਕਿ ਦੇ 25 ਕਰੋੜ ਲੋਕਾਂ ਦੇ ਜੀਵਨ ਅਤੇ ਜੀਵਿਕਾ ਨੂੰ ਇਸ ਨਾਲ ਖ਼ਤਰਾ ਹੈ।
ਪਾਕਿ ਵਿਦੇਸ਼ ਮੰਤਰੀ ਨੇ ਕਸ਼ਮੀਰ ਵਿਵਾਦ ਤੇ ਖਾੜੀ ਸੰਕਟ ਨੂੰ ਖੇਤਰੀ ਸ਼ਾਂਤੀ ਲਈ ਦੱਸਿਆ ਮੁੱਖ ਖ਼ਤਰਾ
ਅਜੀਤ ਡੈਸਕ
24-07-2026