ਲਗਾਤਾਰ ਵਿਵਾਦਾਂ ’ਚ ਘਿਰਦੀ ਜਾ ਰਹੀ ਪੰਜਾਬ ਪੁਲਿਸ ਸਾਹਮਣੇ ਅਕਸ ਸੁਧਾਰਨ ਦੀ ਵੱਡੀ ਚੁਣੌਤੀ ਕੁਝ ਅਧਿਕਾਰੀਆਂ ਦੇ ਪੁਲਿਸੀਆ ਵਤੀਰੇ ਤੇ ਭ੍ਰਿਸ਼ਟਾਚਾਰ ਨੇ ਖਾਕੀ ਨੂੰ ਕੀਤਾ ਦਾਗ਼ਦਾਰ
ਅਜੀਤ ਡੈਸਕ
25-07-2026
ਜਲੰਧਰ, 24 ਜੁਲਾਈ-ਪੰਜਾਬ ਪੁਲਿਸ ਨੂੰ ਬਿਨਾਂ ਸ਼ੱਕ ਇਕ ਬਹਾਦਰ ਫੋਰਸ ਮੰਨਿਆ ਗਿਆ ਹੈ ਅਤੇ ਇਸ ਦੇ ਕੁਰਬਾਨੀਆਂ ਭਰੇ ਇਤਿਹਾਸ ’ਤੇ ਹਮੇਸ਼ਾ ਪੰਜਾਬੀਆਂ ਨੂੰ ਮਾਣ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਕਈ ਵੱਡੇ ਅਧਿਕਾਰੀਆਂ ਅਤੇ ਮੁਲਾਜ਼ਮਾਂ ’ਤੇ ਭ੍ਰਿਸ਼ਟਾਚਾਰ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨਾਲ ਸੰਬੰਧਾਂ, ਝੂਠੇ ਪੁਲਿਸ ਮੁਕਾਬਲਿਆਂ, ਰਾਜਸੀ ਪੱਖਪਾਤ ਤੇ ਆਪਹੁਦਰੀਆਂ ਕਰਨ ਦੇ ਗੰਭੀਰ ਦੋਸ਼ ਲੱਗ ਰਹੇ ਹਨ, ਉਸ ਨਾਲ ਪੰਜਾਬ ਪੁਲਿਸ ਦੇ ਅਕਸ ਨੂੰ ਵੱਡੀ ਪੱਧਰ ’ਤੇ ਢਾਅ ਲੱਗੀ ਹੈ ਅਤੇ ਇਕ ਤਰ੍ਹਾਂ ਨਾਲ ਖਾਕੀ ਵੀ ਦਾਗਦਾਰ ਹੋਈ ਹੈ। ਹਾਲਾਂਕਿ, ਪੁਲਿਸ ’ਤੇ ਅਜਿਹੇ ਦੋਸ਼ ਲੱਗਣੇ ਕੋਈ ਨਵੀਂ ਗੱਲ ਨਹੀਂ ਹੈ ਅਤੇ ਖਾੜਕੂਵਾਦ ਦੇ ਦੌਰ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅੱਜ ਜਿਸ ਤਰ੍ਹਾਂ ਗਾਹੇ-ਬਗਾਹੇ ਕੁਝ ਪੁਲਿਸ ਅਧਿਕਾਰੀਆਂ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ’ਚ ਸ਼ਾਮਿਲ ਹੋਣ, ਲੋਕਾਂ ’ਤੇ ਅਣ-ਮਨੁੱਖੀ ਤਸ਼ੱਦਦ ਢਾਹੁਣ ਅਤੇ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਉਸ ਨਾਲ ਸਮੁੱਚੇ ਪੁਲਿਸ ਬਲ ਨੂੰ ਸ਼ਰਮਸ਼ਾਰ ਹੋਣਾ ਪੈ ਰਿਹਾ ਹੈ। ਹਾਲ ਹੀ ’ਚ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ’ਤੇ ਕੀਤੇ ਗਏ ਲਾਠੀਚਾਰਜ ਨਾਲ ਸੁਰਖੀਆਂ ’ਚ ਆਏ ਡੀ. ਐਸ. ਪੀ. ਸਤਬੀਰ ਸਿੰਘ ਨੂੰ ਆਖਰਕਾਰ ਸਰਕਾਰ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਦੀ ਅਗਵਾਈ ਹੇਠ ਜਿਸ ਤਰ੍ਹਾਂ ਪੁਲਿਸ ਵਲੋਂ ਸਫਾਈ ਕਰਮਚਾਰੀ, ਜਿਨ੍ਹਾਂ ’ਚ ਔਰਤਾਂ ਵੀ ਸ਼ਾਮਿਲ ਸਨ, ਨੂੰ ਬੇਰਹਿਮੀ ਨਾਲ ਕੁੱਟੇ ਜਾਣ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਉਸ ਨੇ ਇਕ ਵਾਰ ਫਿਰ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਤੇ ਪੁਲਿਸ ਦੀ ਇਸ ਕਾਰਵਾਈ ਦਾ ਰਾਜ ਭਰ ’ਚ ਜਿਥੇ ਵੱਖ-ਵੱਖ ਸੰਗਠਨਾਂ ਅਤੇ ਖਾਸ ਕਰਕੇ ਵਾਲਮੀਕ ਭਾਈਚਾਰੇ ਵਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਵਿਰੋਧੀ ਪਾਰਟੀਆਂ ਵਲੋਂ ਵੀ ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਓਧਰ ਇਸ ਤੋਂ ਪਹਿਲਾਂ ਪਟਿਆਲਾ ਵਿਖੇ ਵੀ ਪੁਲਿਸ ਵਲੋਂ ਬਿਜਲੀ ਮਹਿਕਮੇ ਦੇ ਲਾਈਨਮੈਨਾਂ ਉੱਪਰ ਕੀਤੇ ਗਏ ਲਾਠੀਚਾਰਜ ਦੀਆਂ ਵੀਡੀਓਜ਼ ਵੀ ਕਾਫੀ ਵਾਇਰਲ ਹੋਣ ਉਪਰੰਤ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ’ਚ ਆ ਗਈ ਸੀ ਅਤੇ ਵੱਡੀ ਪੱਧਰ ’ਤੇ ਪੁਲਿਸ ਨੂੰ ਇਸ ਕਾਰਵਾਈ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਵੀ ਪੁਲਿਸ ਵਲੋਂ ਜਿਸ ਤਰ੍ਹਾਂ ਜ਼ਬਰਦਸਤੀ ਉਠਾਇਆ ਗਿਆ ਸੀ ਅਤੇ ਟਰਾਲੀਆਂ ਗਾਇਬ ਕਰਨ ਤੱਕ ਦੇ ਦੋਸ਼ ਲੱਗੇ ਸਨ, ਉਸ ਨਾਲ ਵੀ ਪੁਲਿਸ ਦੀ ਕਾਰਵਾਈ ਵਿਵਾਦਾਂ ’ਚ ਘਿਰ ਗਈ ਸੀ। ਇਸੇ ਤਰ੍ਹਾਂ ਹਾਲ ਹੀ ’ਚ ਹੋਈਆਂ ਨਗਰ ਕੌਂਸਲ ਚੋਣਾਂ ’ਚ ਵੀ ਵਿਰੋਧੀ ਪਾਰਟੀਆਂ ਨੇ ਪੁਲਿਸ ’ਤੇ ਸੱਤਾਧਾਰੀ ਧਿਰ ਦਾ ਸਾਥ ਦੇਣ ਅਤੇ ਪੱਖਪਾਤੀ ਕਾਰਵਾਈਆਂ ਕਰਨ ਦੇ ਦੋਸ਼ ਲਗਾਏ ਸਨ। ਇਥੇ ਹੀ ਬੱਸ ਨਹੀਂ ਸਾਬਕਾ ਐਸ.ਐਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਨਾਲ ਜੁੜੇ ਕਥਿਤ ਫਿਰੌਤੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਨੇ ਵੀ ਪੰਜਾਬ ਪੁਲਿਸ ਦੇ ਅਕਸ ਨੂੰ ਕਾਫੀ ਧੁੰਦਲਾ ਕੀਤਾ ਹੈ। ਹਾਲਾਂਕਿ, ਇਸ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਕਾਰਵਾਈ ਕੀਤੀ ਗਈ ਅਤੇ ਮਾਮਲਾ ਅਦਾਲਤੀ ਪ੍ਰਕਿਰਿਆ ਅਧੀਨ ਹੈ ਪਰ ਇਸ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਪੁਲਿਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ’ਚ ਇੰਟਰਵਿਊ ਦੇ ਮਾਮਲੇ ’ਚ ਵੀ ਪੁਲਿਸ ’ਤੇ ਸਵਾਲ ਉੱਠਦੇ ਰਹੇ ਹਨ ਅਤੇ ਕਈ ਹੋਰਨਾਂ ਅਧਿਕਾਰੀਆਂ ਦੇ ਵੀ ਨਸ਼ਾ ਤਸਕਰੀ ਮਾਮਲਿਆਂ ’ਚ ਨਾਂਅ ਸਾਹਮਣੇ ਆਉਣ ਨਾਲ ਵੀ ਪੁਲਿਸ ਲਗਾਤਾਰ ਸਵਾਲਾਂ ਦੇ ਘੇਰੇ ’ਚ ਹੈ। ਅਜਿਹੇ ’ਚ ਪੰਜਾਬ ਪੁਲਿਸ ਦੇ ਸਾਹਮਣੇ ਜਿਥੇ ਗੈਂਗਸਟਰਵਾਦ, ਨਸ਼ਾ ਤਸਕਰਾਂ ਤੇ ਅਮਨ-ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਵੱਡੀ ਜ਼ਿੰਮੇਵਾਰੀ ਹੈ, ਉਥੇ ਮਹਿਕਮੇ ਅੰਦਰ ਛੁਪੀਆਂ ਕਾਲੀਆਂ ਭੇਡਾਂ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕਰਕੇ ਆਪਣਾ ਅਕਸ ਸੁਧਾਰਨ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਵੀ ਇਕ ਗੰਭੀਰ ਚੁਣੌਤੀ ਹੈ।