ਮੱਖੂ (ਫ਼ਿਰੋਜ਼ਪੁਰ), 24 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਬੰਗਾਲੀ ਵਾਲਾ ਪੁਲ ਤੋਂ ਫਿਰੋਜ਼ਪੁਰ ਫੀਡਰ ਨਹਿਰ ਵਿਚ ਛਾਲ ਮਾਰਨ ਵਾਲੇ ਥਾਣਾ ਮੱਖੂ ਦੀ 112 ਹੈਲਪਲਾਈਨ ’ਤੇ ਤਾਇਨਾਤ ਏ.ਐੱਸ.ਆਈ. ਹਰਦਿਆਲ ਸਿੰਘ ਵਾਸੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਮਾਮਲੇ ਵਿਚ ਪੁਲਿਸ ਨੇ ਉਸ ਵਲੋਂ ਸੋਸ਼ਲ ਮੀਡੀਆ ’ਤੇ ਪਾਈ ਗਈ ਵੀਡੀਓ ਅਤੇ ਉਸ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਸੱਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।ਨਹਿਰ ਵਿਚ ਛਾਲ ਮਾਰਨ ਤੋਂ ਪਹਿਲਾਂ ਏ.ਐੱਸ.ਆਈ. ਗੁਰਦਿਆਲ ਸਿੰਘ ਵਲੋਂ ਬਣਾਈ ਗਈ ਵੀਡੀਓ ਵਿਚ ਉਸ ਨੇ ਦੋਸ਼ ਲਗਾਇਆ ਕਿ ਬਿਕਰਮਜੀਤ ਸਿੰਘ (ਚੈਰੀਟੇਬਲ ਟਰੱਸਟ ਸੰਚਾਲਕ), ਜੋਤੀ ਪੱਤਰਕਾਰ, ਪਿਆਰਾ ਲਾਲ, ਰਮਨਦੀਪ ਸਿੰਘ, ਅਮਨਦੀਪ ਸਿੰਘ, ਚਰਨਜੀਤ ਕੌਰ ਅਤੇ ਉਸ ਦਾ ਪਤੀ ਸੰਤੋਖ ਸਿੰਘ ਫ਼ੌਜੀ ਉਸ ਨੂੰ ਲਗਾਤਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਹੇ ਸਨ। ਉਸ ਨੇ ਦਾਅਵਾ ਕੀਤਾ ਕਿ ਉਸ ਤੋਂ 30 ਤੋਂ 35 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਪੈਸੇ ਦੇਣ ’ਤੇ ਹੀ ਉਸ ਖ਼ਿਲਾਫ਼ ਦਿੱਤੀ ਗਈ ਸ਼ਿਕਾਇਤ ਵਾਪਸ ਲੈਣ ਦੀ ਗੱਲ ਆਖੀ ਗਈ ਸੀ।ਵੀਡੀਓ ਵਿਚ ਉਸ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਉਸ ਦੀ ਪਤਨੀ ਵਲੋਂ ਬਟਾਲਾ ਨਗਰ ਕੌਂਸਲ ਚੋਣ ਲੜਨ ਤੋਂ ਬਾਅਦ ਉਸ ਨੂੰ ਰਾਜਨੀਤਿਕ ਰੰਜਿਸ਼ ਕਾਰਨ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋਸ਼ਲ ਮੀਡੀਆ ’ਤੇ ਉਸ ਦੀ ਇਕ ਔਰਤ ਨਾਲ ਤਸਵੀਰ ਜੋੜ ਕੇ ਵੀਡੀਓ ਵਾਇਰਲ ਕੀਤੀ ਗਈ ਅਤੇ ਬਾਅਦ ਵਿਚ ਇਕ ਮਹਿਲਾ ਰਾਹੀਂ ਉਸ ਦੇ ਖ਼ਿਲਾਫ਼ ਕਥਿਤ ਤੌਰ ’ਤੇ ਦਰਖ਼ਾਸਤ ਦਿਵਾਈ ਗਈ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਬਹੁਤ ਪ੍ਰੇਸ਼ਾਨ ਸੀ।