09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਪੰਜਾਬ ਵਿਚ ਬਣੀ ਭੰਬਲਭੂਸੇ ਵਾਲੀ ਸਥਿਤੀ ਅੱਧੀ ਦਰਜਨ ਪਾਰਟੀਆਂ ਦੇ ਚੋਣ ਮੈਦਾਨ ’ਚ ਹੋਣ ਕਾਰਨ ਬਣੇ ਦੁਚਿੱਤੀ ਵਾਲੇ ਹਲਾਤ

Ad Position 21
No active advertisement
ਅਜੀਤ ਡੈਸਕ 25-07-2026
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 24 ਜੁਲਾਈ-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਭਾਵੇਂ ਅਜੇ ਕੁਝ ਮਹੀਨੇ ਦੂਰ ਹਨ ਪਰ ਸਿਆਸੀ ਮਾਹੌਲ ਹੁਣ ਤੋਂ ਹੀ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਲੈ ਕੇ ਵਿਰੋਧੀ ਪਾਰਟੀਆਂ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਸਮੇਤ ਨਵੇਂ ਬਣੇ ਹੋਰ ਸਿਆਸੀ ਦਲ ਆਪੋ-ਆਪਣੀ ਜ਼ਮੀਨ ਮਜ਼ਬੂਤ ਕਰਨ ਲਈ ਸਰਗਰਮ ਹੋ ਗਏ ਹਨ। ਇਸ ਦਰਮਿਆਨ ਆਮ ਵੋਟਰ ਇਕ ਅਜਿਹੀ ਸਥਿਤੀ ਵਿਚ ਦਿਖਾਈ ਦੇ ਰਿਹਾ ਹੈ, ਜਿਥੇ ਉਸ ਲਈ ਇਹ ਫੈਸਲਾ ਕਰਨਾ ਆਸਾਨ ਨਹੀਂ ਹੋਵੇਗਾ ਕਿ ਉਹ ਕਿਸ ਪਾਰਟੀ ’ਤੇ ਭਰੋਸਾ ਕਰੇ।ਇਸ ਵਾਰ ਦੀ ਚੋਣ ਦਾ ਸਭ ਤੋਂ ਵੱਡਾ ਪਹਿਲੂ ਇਹ ਮੰਨਿਆ ਜਾ ਰਿਹਾ ਹੈ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਨਾਲ-ਨਾਲ ਕਈ ਨਵੇਂ ਸਿਆਸੀ ਦਲ ਵੀ ਮੈਦਾਨ ਵਿਚ ਆਪਣੀ ਮੌਜੂਦਗੀ ਦਰਜ ਕਰਵਾਉਣ ਦੀ ਤਿਆਰੀ ਕਰ ਰਹੇ ਹਨ। ਇਸ ਕਾਰਨ ਮੁਕਾਬਲਾ ਪਹਿਲਾਂ ਦੇ ਮੁਕਾਬਲੇ ਕਾਫ਼ੀ ਬਹੁ-ਕੋਣੀ ਹੋਣ ਦੇ ਆਸਾਰ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਅੱਧੀ ਦਰਜਨ ਦੇ ਕਰੀਬ ਪਾਰਟੀਆਂ ਸਰਗਰਮੀ ਨਾਲ ਚੋਣ ਲੜਦੀਆਂ ਹਨ ਤਾਂ ਵੋਟਾਂ ਦੀ ਵੰਡ ਪਹਿਲਾਂ ਨਾਲੋਂ ਕਾਫ਼ੀ ਵੱਧ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਵਿਰੋਧੀ ਧਿਰ ਕਾਂਗਰਸ ਸ਼੍ਰੋਮਣੀ ਅਕਾਲੀ ਦਲ (ਬ), ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਅਕਾਲੀ ਦਲ (ਵਾਰਿਸ ਪੰਜਾਬ ਦੇ) ਸਮੇਤ ਸ਼੍ਰੋਮਣੀ ਅਕਾਲੀ ਦਲ (ਅ) ਵੀ ਚੋਣ ਮੈਦਾਨ ਵਿਚ ਹਨ। ਅਜਿਹੇ ਵਿਚ ਪੰਜਾਬ ਦਾ ਆਮ ਵੋਟਰ ਫਿਲਹਾਲ ਦੁਚਿੱਤੀ ਵਿਚ ਨਜ਼ਰ ਆ ਰਿਹਾ ਹੈ ਕਿ ਉਸ ਨੇ ਕਿਸ ਪਾਰਟੀ ਉੱਤੇ ਭਰੋਸਾ ਕਰਕੇ ਕਿਸ ਦਿਸ਼ਾ ਵੱਲ ਜਾਣਾ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਨੇ ਵੱਖ-ਵੱਖ ਪਾਰਟੀਆਂ ਨੂੰ ਮੌਕਾ ਦਿੱਤਾ ਹੈ ਅਤੇ ਹਰ ਚੋਣ ਵਿਚ ਬਦਲਾਅ ਦੀ ਉਮੀਦ ਨਾਲ ਵੋਟ ਪਾਉਣ ਵਾਲੇ ਵੋਟਰਾਂ ਦਾ ਇਕ ਵੱਡਾ ਵਰਗ ਹੁਣ ਸਰਕਾਰਾਂ ਦੇ ਕੰਮਕਾਜ ਨੂੰ ਲੈ ਕੇ ਵਧੇਰੇ ਸਾਵਧਾਨ ਅਤੇ ਸੋਚ-ਵਿਚਾਰ ਵਾਲਾ ਹੋ ਗਿਆ ਹੈ। ਬੇਰੁਜ਼ਗਾਰੀ, ਨਸ਼ਿਆਂ ਦਾ ਮੁੱਦਾ, ਗੈਂਗਸਟਰਵਦ, ਕਾਨੂੰਨ ਵਿਵਸਥਾ, ਖੇਤੀਬਾੜੀ, ਉਦਯੋਗ, ਸਿੱਖਿਆ, ਸਿਹਤ ਅਤੇ ਸੂਬੇ ਸਿਰ ਚੜੇ ਕਰਜ਼ੇ ਵਰਗੇ ਮੁੱਦੇ ਵੋਟਰਾਂ ਦੀ ਪਹਿਲੀ ਤਰਜੀਹ ਬਣੇ ਹੋਏ ਹਨ। ਜਿਥੇ ਰਵਾਇਤੀ ਪਾਰਟੀਆਂ ਆਪਣੇ ਤਜ਼ਰਬੇ, ਟਕਸਾਲੀ ਜਥੇਬੰਦਕ ਢਾਂਚੇ ਅਤੇ ਪੁਰਾਣੇ ਵੋਟ ਬੈਂਕ ਦੇ ਆਧਾਰ ’ਤੇ ਚੋਣ ਮੈਦਾਨ ਵਿਚ ਉਤਰਣਗੀਆਂ, ਉਥੇ ਨਵੇਂ ਸਿਆਸੀ ਦਲ ਆਪਣੇ ਆਪ ਨੂੰ ਬਦਲਾਅ ਅਤੇ ਨਵੀਂ ਸੋਚ ਦੇ ਪ੍ਰਤੀਕ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਹਲਾਤ ਵਿਚ ਖਾਸ ਕਰਕੇ ਨੌਜਵਾਨ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦੀ ਭੂਮਿਕਾ ਇਨ੍ਹਾਂ ਚੋਣਾਂ ਵਿਚ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ।ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਰਵਾਇਤੀ ਪਾਰਟੀਆਂ ਲੋਕਾਂ ਦੀਆਂ ਉਮੀਦਾਂ ’ਤੇ ਖਰੀਆਂ ਨਹੀਂ ਉਤਰਦੀਆਂ ਤਾਂ ਨਵੇਂ ਸਿਆਸੀ ਦਲਾਂ ਨੂੰ ਆਪਣਾ ਆਧਾਰ ਵਧਾਉਣ ਦਾ ਮੌਕਾ ਮਿਲਦਾ ਹੈ, ਜਿਸ ਦੀ ਵੱਡੀ ਉਦਾਹਰਨ ਪਿਛਲੀਆਂ ਵਿਧਾਨ ਸਭਾ ਚੋਣਾਂ ਹਨ, ਜਿਸ ਦੌਰਾਨ ਲੋਕਾਂ ਨੇ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਂਦਾ। ਹਾਲਾਂਕਿ, ਸਿਰਫ਼ ਨਵਾਂ ਚਿਹਰਾ ਜਾਂ ਨਵੀਂ ਪਾਰਟੀ ਹੋਣਾ ਹੀ ਕਾਫ਼ੀ ਨਹੀਂ ਹੋਵੇਗਾ। ਵੋਟਰ ਹੁਣ ਉਮੀਦਵਾਰ ਦੀ ਸ਼ਖਸੀਅਤ, ਸਥਾਨਕ ਪਹੁੰਚ, ਪਾਰਟੀ ਦੀ ਨੀਤੀ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਕੀਤੇ ਕੰਮ ਨੂੰ ਵੀ ਧਿਆਨ ਵਿਚ ਰੱਖ ਕੇ ਫੈਸਲਾ ਕਰਨ ਦੀ ਰੌਅ ਵਿਚ ਹਨ। ਇਸ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਵਿਚਾਲੇ ਸੰਭਾਵਿਤ ਗੱਠਜੋੜ, ਦਲ-ਬਦਲ ਅਤੇ ਨਵੇਂ ਸਿਆਸੀ ਸਮੀਕਰਨ ਵੀ ਚੋਣ ਤਸਵੀਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਆਉਣ ਵਾਲੇ ਮਹੀਨਿਆਂ ਵਿਚ ਜਿਵੇਂ-ਜਿਵੇਂ ਪਾਰਟੀਆਂ ਆਪਣੇ ਉਮੀਦਵਾਰਾਂ, ਚੋਣ ਵਾਅਦਿਆਂ ਅਤੇ ਰਣਨੀਤੀਆਂ ਨੂੰ ਸਾਹਮਣੇ ਲਿਆਉਣਗੀਆਂ, ਵੋਟਰਾਂ ਦੀ ਸੋਚ ਵਿਚ ਵੀ ਤਬਦੀਲੀ ਆ ਸਕਦੀ ਹੈ। ਫਿਲਹਾਲ ਇਹ ਸਪੱਸ਼ਟ ਹੈ ਕਿ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਇਕ ਦਿਲਚਸਪ ਅਤੇ ਸਖ਼ਤ ਮੁਕਾਬਲੇ ਵਾਲੀ ਚੋਣ ਬਣਨ ਵੱਲ ਵੱਧ ਰਹੀਆਂ ਹਨ। ਵੋਟਰਾਂ ਦੇ ਸਾਹਮਣੇ ਇਸ ਵਾਰ ਵਿਕਲਪ ਪਹਿਲਾਂ ਨਾਲੋਂ ਵੱਧ ਹਨ ਪਰ ਇਹੀ ਵੱਧਦੇ ਵਿਕਲਪ ਉਨ੍ਹਾਂ ਲਈ ਭੰਬਲਭੂਸੇ ਵਾਲੀ ਸਥਿਤੀ ਵੀ ਪੈਦਾ ਕਰ ਰਹੇ ਹਨ। ਅੰਤਿਮ ਫੈਸਲਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਚੋਣਾਂ ਤੱਕ ਕਿਹੜੀ ਪਾਰਟੀ ਲੋਕਾਂ ਦਾ ਭਰੋਸਾ ਜਿੱਤਣ ਅਤੇ ਆਪਣੇ ਵਾਅਦਿਆਂ ਨੂੰ ਭਰੋਸੇਯੋਗ ਢੰਗ ਨਾਲ ਪੇਸ਼ ਕਰਨ ਵਿਚ ਕਾਮਯਾਬ ਰਹਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਵਲੋਂ ਪੰਜਾਬ ਯੂਥ ਵਿੰਗ ਦੇ ਅਹੁਦੇਦਾਰ ਨਿਯੁਕਤ ਅਗਲੀ ਖ਼ਬਰ ਸਫ਼ਾਈ ਕਰਮੀਆਂ ਦੇ ਹੱਕ ’ਚ ਨਿਤਰਿਆ ਪੰਜਾਬ ਕਾਂਗਰਸ ਐੱਸ.ਸੀ. ਵਿੰਗ
Ad Position 24