ਲੁਧਿਆਣਾ ਬਣਿਆ ਸੂਬੇ ਦਾ ਸਭ ਤੋਂ ਵੱਧ 16 ਸਕੂਲ ਆਫ਼ ਐਮੀਨੈਂਸ ਵਾਲਾ ਜ਼ਿਲ੍ਹਾ
ਮੁੱਖ ਮੰਤਰੀ ਮਾਨ ਵਲੋਂ ਕਿਦਵਈ ਨਗਰ ਤੇ ਮਿਲਰ ਗੰਜ ’ਚ ਦੋ ਨਵੇਂ ਸਕੂਲ ਆਫ਼ ਐਮੀਨੈਂਸ ਲੋਕ ਅਰਪਿਤ
ਲੁਧਿਆਣਾ, 2 ਅਗਸਤ (ਭੁਪਿੰਦਰ ਸਿੰਘ ਬੈਂਸ)-ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਮਹਾਂਨਗਰ ਨੂੰ ਸਿੱਖਿਆ ਖੇਤਰ ਵਿਚ ਇਕ ਵੱਡਾ ਤੋਂਹਫ਼ਾ ਦਿੰਦਿਆਂ ਕਿਦਵਈ ਨਗਰ ਅਤੇ ਮਿਲਰ ਗੰਜ ਵਿਖੇ ਦੋ ਨਵੇਂ ਸਕੂਲ ਆਫ਼ ਐਮੀਨੈਂਸ ਲੋਕ ਅਰਪਿਤ ਕੀਤੇ। ਇਨ੍ਹਾਂ ਦੋਵਾਂ ਸਕੂਲਾਂ ਦੇ ਸ਼ੁਰੂ ਹੋਣ ਨਾਲ ਲੁਧਿਆਣਾ ਸੂਬੇ ਦੇ ਸਭ ਤੋਂ ਵੱਧ 16 ਸਕੂਲ ਆਫ਼ ਐਮੀਨੈਂਸ ਵਾਲਾ ਜ਼ਿਲ੍ਹਾ ਬਣ ਗਿਆ ਹੈ।
ਲੁਧਿਆਣਾ, 2 ਅਗਸਤ (ਭੁਪਿੰਦਰ ਸਿੰਘ ਬੈਂਸ)-ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਮਹਾਂਨਗਰ ਨੂੰ ਸਿੱਖਿਆ ਖੇਤਰ ਵਿਚ ਇਕ ਵੱਡਾ ਤੋਂਹਫ਼ਾ ਦਿੰਦਿਆਂ ਕਿਦਵਈ ਨਗਰ ਅਤੇ ਮਿਲਰ ਗੰਜ ਵਿਖੇ ਦੋ ਨਵੇਂ ਸਕੂਲ ਆਫ਼ ਐਮੀਨੈਂਸ ਲੋਕ ਅਰਪਿਤ ਕੀਤੇ। ਇਨ੍ਹਾਂ ਦੋਵਾਂ ਸਕੂਲਾਂ ਦੇ ਸ਼ੁਰੂ ਹੋਣ ਨਾਲ ਲੁਧਿਆਣਾ ਸੂਬੇ ਦੇ ਸਭ ਤੋਂ ਵੱਧ 16 ਸਕੂਲ ਆਫ਼ ਐਮੀਨੈਂਸ ਵਾਲਾ ਜ਼ਿਲ੍ਹਾ ਬਣ ਗਿਆ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰੀ ਸਕੂਲਾਂ ਵਿਚ ਕੀਤੇ ਜਾ ਰਹੇ ਇਤਿਹਾਸਕ ਸੁਧਾਰਾਂ ਕਾਰਨ ਪੰਜਾਬ ਸਕੂਲੀ ਸਿੱਖਿਆ ਦੇ ਖੇਤਰ ਵਿਚ ਦੇਸ਼ ਭਰ ਵਿਚ ਪਹਿਲ ਸਥਾਨ ’ਤੇ ਪਹੁੰਚ ਗਿਆ ਹੈ ਅਤੇ ਹੁਣ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਸਰਕਾਰੀ ਸਕੂਲਾਂ ਵੱਲ ਰੁਖ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਕ੍ਰਾਂਤੀ ਦੀ ਅਗਵਾਈ ਕਰਨ ਵਾਲਾ ਲੁਧਿਆਣਾ ਹੁਣ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਵੀ ਕੇਂਦਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਯੋਜਨਾ ਨੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਵਿਸ਼ਵ ਪੱਧਰੀ ਸਿੱਖਿਆ ਦਾ ਮੌਕਾ ਦਿੱਤਾ ਹੈ, ਜਿਸ ਨਾਲ ਅਮੀਰ ਅਤੇ ਗ਼ਰੀਬ ਵਿਚਕਾਰ ਸਿੱਖਿਆ ਦਾ ਪਾੜਾ ਘਟਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ 10,62 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕਿਦਵਈ ਨਗਰ ਸਕੂਲ ਵਿਚ 27 ਕਲਾਸ ਰੂਮ, ਸੱਤ ਆਧੁਨਿਕ ਪ੍ਰਯੋਗਸ਼ਾਲਾਵਾਂ, ਪੁਸਤਕਾਲਾ, 500 ਵਿਦਿਆਰਥੀਆਂ ਦੀ ਸਮਰੱਥਾ ਵਾਲਾ ਆਡੀਟੋਰੀਅਮ ਅਤੇ ਹੋਰ ਅਤਿ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ 200 ਤੋਂ ਵੱਧ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ ਅਤੇ ਇਥੇ ਕਰੀਬ ਤਿੰਨ ਲੱਖ ਵਿਦਿਆਰਥੀ ਪੜ੍ਹ ਰਹੇ ਹਨ। ਜ਼ਿਲ੍ਹੇ ਵਿਚ ਹੁਣ 16 ਸਕੂਲ ਆਫ਼ ਐਮੀਨੈਂਸ, 11 ਸਕੂਲ ਆਫ਼ ਬ੍ਰਿਲੀਅੰਸ ਅਤੇ 35 ਸਕੂਲ ਆਫ਼ ਹੈਪੀਨੈਂਸ ਕਾਰਜਸ਼ੀਲ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਬਣੀ ਸੀ, ਉਦੋਂ ਪੰਜਾਬ ਸਕੂਲੀ ਸਿੱਖਿਆ ਵਿਚ ਦੇਸ਼ ਵਿਚ 27ਵੇਂ ਸਥਾਨ ’ਤੇ ਸੀ, ਪਰ ਅੱਜ ਪਹਿਲੇ ਸਥਾਨ ’ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ 881 ਵਿਦਿਆਰਥੀਆਂ ਨੇ ਨੀਟ ਅਤੇ 125 ਤੋਂ ਵੱਧ ਨੇ ਜੇ.ਈ.ਈ. ਮੇਨ ਪ੍ਰੀਖਿਆ ਪਾਸ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਮੁੱਖ ਸਕੱਤਰ ਕੇ.ਈ.ਪੀ. ਸਿਨ੍ਹਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਆਦਿ ਮੌਜੂਦ ਸਨ।