ਪੰਜਾਬ ਦੀਆਂ ਸੜਕਾਂ ’ਤੇ ਵਗਦਾ ਨਾਹੱਕ ਖ਼ੂਨ, ਸਾਂਝੀ ਜਵਾਬਦੇਹੀ ਦੀ ਲੋੜ
ਦੀਨਾਨਗਰ, 5 ਅਗਸਤ (ਸ਼ਾਮ ਸਿੰਘ ਘੁੰਮਣ)-ਸੜਕਾਂ ਕਿਸੇ ਵੀ ਦੇਸ਼ ਜਾਂ ਸੂਬੇ ਦੀ ਜੀਵਨ-ਰੇਖਾਵਾਂ ਹੁੰਦੀਆਂ ਹਨ। ਦਿਨ ਹੋਵੇ ਜਾਂ ਰਾਤ, ਇਹ ਸੜਕਾਂ ਵਿਕਾਸ ਦੇ ਪਹੀਏ ਨੂੰ ਕਦੇ ਰੁਕਣ ਨਹੀਂ ਦਿੰਦੀਆਂ।
ਅ
ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਟਰੱਕਾਂ ਦੀ ਨਾਜਾਇਜ਼ ਪਾਰਕਿੰਗ ਅਤੇ ਡਿਵਾਈਡਰ ਤੋੜ ਕੇ ਬਣਾਏ ਇਕ ਨਾਜਾਇਜ਼ ਕੱਟ ਦਾ ਦ੍ਰਿਸ਼ । ਤਸਵੀਰਾਂ : ਸ਼ਾਮ ਸਿੰਘ ਘੁੰਮਣ
06-08-2026
ਦੀਨਾਨਗਰ, 5 ਅਗਸਤ (ਸ਼ਾਮ ਸਿੰਘ ਘੁੰਮਣ)-ਸੜਕਾਂ ਕਿਸੇ ਵੀ ਦੇਸ਼ ਜਾਂ ਸੂਬੇ ਦੀ ਜੀਵਨ-ਰੇਖਾਵਾਂ ਹੁੰਦੀਆਂ ਹਨ। ਦਿਨ ਹੋਵੇ ਜਾਂ ਰਾਤ, ਇਹ ਸੜਕਾਂ ਵਿਕਾਸ ਦੇ ਪਹੀਏ ਨੂੰ ਕਦੇ ਰੁਕਣ ਨਹੀਂ ਦਿੰਦੀਆਂ। ਇਹ ਲੱਖਾਂ ਲੋਕਾਂ ਦੇ ਸੁਪਨਿਆਂ, ਸਫ਼ਰਾਂ ਅਤੇ ਸੱਭਿਆਚਾਰਾਂ ਨੂੰ ਆਪਸ ਵਿਚ ਮਿਲਾਉਂਦੇ ਹੋਏ ਦੇਸ਼ ਦੀ ਏਕਤਾ, ਅਖੰਡਤਾ ਤੇ ਖੁਸ਼ਹਾਲੀ ਦੀ ਜਿਉਂਦੀ-ਜਾਗਦੀ ਤਸਵੀਰ ਪੇਸ਼ ਕਰਦੀਆਂ ਹਨ ਪਰ ਅਫ਼ਸੋਸ, ਪ੍ਰਸ਼ਾਸਨਿਕ ਲਾਪਰਵਾਹੀ ਸਦਕਾ ਅੱਜ ਇਨ੍ਹਾਂ ਸੜਕਾਂ ਉੱਪਰ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੇ ਗਏ ਨਾਜਾਇਜ਼ ਕਬਜ਼ੇ, ਥਾਂ-ਥਾਂ ਗ਼ਲਤ ਢੰਗ ਨਾਲ ਖੜ੍ਹੇ ਕੀਤੇ ਭਾਰੀ ਵਾਹਨ ਅਤੇ ਡਿਵਾਈਡਰ ਤੋੜ ਕੇ ਬਣਾਏ ਗਏ ਖ਼ਤਰਨਾਕ ਕੱਟਾਂ ਕਾਰਨ ਸੁਖਾਵੇਂ ਸਫ਼ਰ ਲਈ ਬਣੀਆਂ ਇਹ ਸੜਕਾਂ ਖ਼ੂਨੀ ਸਾਬਤ ਹੋ ਰਹੀਆਂ ਹਨ, ਜਿਥੇ ਰੋਜ਼ਾਨਾ ਕਈ ਅਨਮੋਲ ਜ਼ਿੰਦਗੀਆਂ ਅਚਾਨਕ ਮੌਤ ਦੇ ਮੂੰਹ ਵਿਚ ਜਾ ਪੈਂਦੀਆਂ ਹਨ। ਸਾਲ 2022, 2023 ਅਤੇ 2024 ਦੀਆਂ ਰਿਪੋਰਟਾਂ ਮੁਤਾਬਿਕ ਪੰਜਾਬ ਵਿਚ ਸੜਕ ਹਾਦਸਿਆਂ ਕਾਰਨ ਸਾਲਾਨਾ ਕ੍ਰਮਵਾਰ 4,759, 4,829 ਤੇ 4,756 ਜਾਨਾਂ ਗਈਆਂ ਸਨ। ਹਾਲਾਂਕਿ, ਇੰਟਰਨੈਸ਼ਨਲ ਸੜਕ ਸੁਰੱਖਿਆ ਕੌਂਸਲ ਦੇ ਮਾਹਰਾਂ ਅਨੁਸਾਰ ਇਸ ਦਾ ਮੁੱਖ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਲਾਇਸੈਂਸ ਪ੍ਰਕਿਰਿਆ ਦੀਆਂ ਕਮੀਆਂ ਅਤੇ ਵਾਹਨਾਂ ਦੀ ਖ਼ਰਾਬ ਫਿਟਨੈੱਸ ਰਿਹਾ ਹੈ ਪਰ ਮੁੱਖ ਸੜਕਾਂ ਦੇ ਕੰਢਿਆਂ ‘ਤੇ ਨਿਯਮਾਂ ਨੂੰ ਅੱਖੋਂ-ਪਰੋਖੇ ਕਰਕੇ ਖੁੱਲ੍ਹੇ ਵਪਾਰਕ ਅਦਾਰੇ, ਗ਼ੈਰ-ਕਾਨੂੰਨੀ ਪਾਰਕਿੰਗਾਂ ਅਤੇ ਸਥਾਨਕ ਲੋਕਾਂ ਵਲੋਂ ਥੋੜ੍ਹੇ ਜਿਹੇ ਸ਼ਾਰਟਕੱਟ ਲਈ ਡਿਵਾਈਡ਼ਰ ਤੋੜ ਕੇ ਬਣਾਏ ਨਾਜਾਇਜ਼ ਕੱਟਾਂ ਦੀ ਭੂਮਿਕਾ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਮਨੁੱਖੀ ਲਾਪਰਵਾਹੀਆਂ ਸੜਕਾਂ ਨੂੰ ਇਕ ਅਜਿਹੇ ਮੌਤ ਦੇ ਜਾਲ ਵਿਚ ਬਦਲ ਰਹੀਆਂ ਹਨ, ਜਿਸ ਦਾ ਖ਼ਾਮਿਆਜ਼ਾ ਬੇਗੁਨਾਹ ਮੁਸਾਫ਼ਰਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈ ਰਿਹਾ ਹੈ। ਖ਼ਾਸ ਕਰਕੇ ਰਾਸ਼ਟਰੀ ਤੇ ਰਾਜ ਮਾਰਗ ਜੋ ਸੂਬੇ ਦੇ ਕੁੱਲ ਸੜਕੀ ਨੈੱਟਵਰਕ ਦਾ ਭਾਵੇਂ ਬਹੁਤ ਛੋਟਾ ਹਿੱਸਾ ਹਨ ਪਰ ਸਭ ਤੋਂ ਵੱਧ ਘਾਤਕ ਹਾਦਸਿਆਂ ਦੇ ਕੇਂਦਰ ਬਣ ਚੁੱਕੇ ਹਨ। ਪੰਜਾਬ ਦੇ ਕੁੱਲ 1,47,862 ਕਿਲੋਮੀਟਰ ਲੰਮੇ ਸੜਕੀ ਨੈੱਟਵਰਕ ਵਿਚੋਂ ਰਾਸ਼ਟਰੀ ਰਾਜ ਮਾਰਗਾਂ ਦੀ ਲੰਬਾਈ 4,239 ਕਿਲੋਮੀਟਰ ਤੇ ਰਾਜ ਮਾਰਗਾਂ ਦੀ ਲੰਬਾਈ ਸਿਰਫ਼ 1,133 ਕਿਲੋਮੀਟਰ ਹੀ ਹੈ ਜੋ ਸੂਬੇ ਦੇ ਕੁੱਲ ਸੜਕੀ ਨੈੱਟਵਰਕ ਦਾ ਮਹਿਜ਼ 3.63 ਫ਼ੀਸਦੀ ਹਿੱਸਾ ਬਣਦੇ ਹਨ ਪਰ ਹੈਰਾਨੀ ਅਤੇ ਚਿੰਤਾ ਦੀ ਗੱਲ ਇਹ ਹੈ ਕਿ ‘ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ’ ਦੀ ਰਿਪੋਰਟ ਅਨੁਸਾਰ, ਸੂਬੇ ਵਿਚ ਹੋਣ ਵਾਲੀਆਂ ਕੁੱਲ ਸੜਕੀ ਮੌਤਾਂ ਵਿਚੋਂ 72 ਫ਼ੀਸਦੀ ਮੌਤਾਂ ਲਈ ਇਹ 3.63 ਫ਼ੀਸਦੀ ਹਾਈ ਸਪੀਡ ਕਾਰੀਡੋਰ ਹੀ ਜ਼ਿੰਮੇਵਾਰ ਹਨ। ਸੜਕ ਹਾਦਸਿਆਂ ਦੀ ਇਹ ਖ਼ੂਨੀ ਦਾਸਤਾਨ ਸਿਰਫ਼ ਅੰਕੜਿਆਂ ਦੀ ਖੇਡ ਨਹੀਂ, ਬਲਕਿ ਹਰ ਰੋਜ਼ ਉੱਜੜ ਰਹੇ ਪਰਿਵਾਰਾਂ ਦੀ ਇਕ ਅਸਹਿ ਪੀੜ ਹੈ। ਮੌਤ ਦੇ ਇਹ ਸਾਰੇ ਰਾਹ ਸੜਕੀ ਲਾਪਰਵਾਹੀ ਅਤੇ ਪ੍ਰਸ਼ਾਸਨਿਕ ਕਮੀਆਂ ਵਿਚੋਂ ਹੀ ਨਿਕਲਦੇ ਹਨ, ਜਿੰਨਾ ਚਿਰ ਪ੍ਰਸ਼ਾਸਨ ਇਨ੍ਹਾਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਵਿਚ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਉਂਦਾ ਅਤੇ ਲੋਕ ਖ਼ੁਦ ਜ਼ਿੰਮੇਵਾਰ ਨਾਗਰਿਕ ਬਣ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਆਪਣੀ ਆਦਤ ਨਹੀਂ ਬਣਾਉਂਦੇ, ਉੱਨਾ ਚਿਰ ਸੜਕਾਂ ‘ਤੇ ਵਗਦਾ ਇਹ ਨਾਹੱਕ ਖ਼ੂਨ ਬੰਦ ਨਹੀਂ ਕੀਤਾ ਜਾ ਸਕਦਾ।