ਆਈ.ਈ.ਡੀ. ਤੇ ਪਿਸਤੌਲ ਸਣੇ ਗ੍ਰਿਫ਼ਤਾਰ ਤਿੰਨੋਂ ਨੌਜਵਾਨ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ
ਚੰਡੀਗੜ੍ਹ, 24 ਅਗਸਤ (ਕਪਿਲ ਵਧਵਾ)- ਸੈਕਟਰ-43 ਸਥਿਤ ਅੰਤਰਰਾਜੀ ਬੱਸ ਟਰਮੀਨਲ ਦੇ ਪਿੱਛੇ ਜੰਗਲ ਵਾਲੇ ਇਲਾਕੇ ਵਿਚੋਂ ਆਈ. ਈ.
ਚੰਡੀਗੜ੍ਹ, 24 ਅਗਸਤ (ਕਪਿਲ ਵਧਵਾ)- ਸੈਕਟਰ-43 ਸਥਿਤ ਅੰਤਰਰਾਜੀ ਬੱਸ ਟਰਮੀਨਲ ਦੇ ਪਿੱਛੇ ਜੰਗਲ ਵਾਲੇ ਇਲਾਕੇ ਵਿਚੋਂ ਆਈ.ਈ.ਡੀ. ਬਣਾਉਣ ਲਈ ਵਰਤੀ ਜਾਣ ਵਾਲੀ ਵਿਸਫੋਟਕ ਸਮੱਗਰੀ ਅਤੇ ਪਿਸਤੌਲ ਸਣੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਨੌਜਵਾਨਾਂ ਨੂੰ ਅਦਾਲਤ ਨੇ 5 ਦਿਨਾ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਕੇਂਦਰੀ ਏਜੰਸੀ ਨਾਲ ਸਾਂਝੀ ਕਾਰਵਾਈ ਕਰਦਿਆਂ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਮਾਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵਲੋਂ ਜਾਰੀ ਜਾਣਕਾਰੀ ਮੁਤਾਬਕ 22 ਅਗਸਤ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਰਨਤਾਰਨ ਨਾਲ ਸਬੰਧਤ ਦੋ ਨੌਜਵਾਨ ਲਵਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਿਦੇਸ਼ ਵਿਚ ਬੈਠੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਵਿਅਕਤੀਆਂ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਕੋਲ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਹੈ। ਸੂਚਨਾ ਦੇ ਆਧਾਰ ’ਤੇ ਥਾਣਾ ਸੈਕਟਰ-36 ਵਿਚ ਐੱਫ.ਆਈ.ਆਰ ਦਰਜ ਕਰਕੇ ਜਾਂਚ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਜਾਂਚ ਦੌਰਾਨ 23 ਅਗਸਤ ਨੂੰ ਲਵਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨਦੀਪ ਅਤੇ ਪ੍ਰਭਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਭੀੜ-ਭੜੱਕੇ ਵਾਲੀ ਥਾਂ ’ਤੇ ਆਈ.ਈ.ਡੀ. ਲਗਾ ਕੇ ਧਮਾਕਾ ਕਰਨ ਦੀ ਤਿਆਰੀ ਕੀਤੀ ਹੋਈ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮ ਬੀ.ਕੇ.ਆਈ. ਦੇ ਵਿਦੇਸ਼ ਵਿਚ ਬੈਠੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਲਵਪ੍ਰੀਤ ਸਿੰਘ (19) ਵਾਸੀ ਪਿੰਡ ਸਰਹਾਲੀ, ਜ਼ਿਲ੍ਹਾ ਤਰਨਤਾਰਨ, ਪੇਂਟਰ ਦਾ ਕੰਮ ਕਰਦਾ ਸੀ ਤੇ ਉਹ ਬੀ.ਕੇ.ਆਈ. ਦੇ ਹੈਂਡਲਰ ਆਸ਼ੂ ਅਤੇ ਸੱਤਾ ਦੇ ਸੰਪਰਕ ਵਿਚ ਸੀ। ਉਸ ਕੋਲੋਂ ਕਰੀਬ 6 ਕਿੱਲੋ ਜੈਲਾਟਿਨ ਦੀਆਂ ਛੜਾਂ ਬਰਾਮਦ ਹੋਈਆਂ ਹਨ। ਉਸ ਖ਼ਿਲਾਫ਼ ਪਹਿਲਾਂ ਵੀ ਥਾਣਾ ਸਰਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਇਕ ਮਾਮਲਾ ਦਰਜ ਹੈ। ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨਦੀਪ (21) ਵਾਸੀ ਪਿੰਡ ਦਿਓਬਾਥ, ਤਰਨਤਾਰਨ ਪੇਂਟਰ ਦਾ ਕੰਮ ਕਰਦਾ ਸੀ। ਉਹ ਲਵਪ੍ਰੀਤ ਰਾਹੀਂ ਬੀ.ਕੇ.ਆਈ. ਦੇ ਹੈਂਡਲਰਾਂ ਦੇ ਸੰਪਰਕ ਵਿਚ ਆਇਆ ਸੀ। ਉਸ ਕੋਲੋਂ ਡੈਟੋਨੇਟਰ, ਪਾਵਰ ਸੋਰਸ ਅਤੇ ਰਿਮੋਟ ਨਾਲ ਚੱਲਣ ਵਾਲਾ ਸਿਸਟਮ ਬਰਾਮਦ ਕੀਤਾ ਗਿਆ ਹੈ। ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ (19) ਵਾਸੀ ਪਿੰਡ ਤਰਸਿੱਕਾ, ਜ਼ਿਲ੍ਹਾ ਅੰਮ੍ਰਿਤਸਰ, ਇੰਡੀਅਨ ਗੈਸ ਏਜੰਸੀ ਵਿਚ ਹੈਲਪਰ ਵਜੋਂ ਕੰਮ ਕਰਦਾ ਸੀ। ਉਹ ਬੀ.ਕੇ.ਆਈ. ਦੇ ਹੈਂਡਲਰ ਗੁਰਲਾਲ ਦੇ ਸੰਪਰਕ ਵਿਚ ਸੀ, ਉਸ ਕੋਲੋਂ ਇਕ ਪਿਸਤੌਲ, ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਮਾਮਲੇ ਦੀ ਅਗਲੇਰੀ ਜਾਂਚ ਆਪ੍ਰੇਸ਼ਨ ਸੈੱਲ, ਚੰਡੀਗੜ੍ਹ ਪੁਲਿਸ ਵਲੋਂ ਕੀਤੀ ਜਾ ਰਹੀ ਹੈ।