ਜਲੰਧਰ, 25 ਅਗਸਤ (ਜਸਪਾਲ ਸਿੰਘ)-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਸੂਬਾ ਪੱਧਰੀ ਮਹਾਂ ਹੜਤਾਲ ਕਰਨ ਦੇ ਐਲਾਨ ਨਾਲ ਪੰਜਾਬ ਭਰ ਵਿਚ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੁਲਾਜ਼ਮ ਜਥੇਬੰਦੀਆਂ ਦੇ ਐਲਾਨ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਹੜਤਾਲ ਵਿਚ ਸ਼ਾਮਿਲ ਹੋਣਗੇ। ਹੜਤਾਲ ਦਾ ਸਭ ਤੋਂ ਵੱਧ ਅਸਰ ਡੀ.ਸੀ. ਦਫ਼ਤਰਾਂ, ਐੱਸ.ਡੀ.ਐੱਮ. ਦਫ਼ਤਰਾਂ, ਤਹਿਸੀਲਾਂ ਹਸਪਤਾਲਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਕੰਮਕਾਜ ‘ਤੇ ਪੈਣ ਦੀ ਸੰਭਾਵਨਾ ਹੈ। ਲੋਕਾਂ ਦੇ ਸਰਟੀਫਿਕੇਟਾਂ, ਦਸਤਾਵੇਜ਼ਾਂ, ਮਾਲ ਵਿਭਾਗ ਅਤੇ ਹੋਰ ਪ੍ਰਸ਼ਾਸਨਿਕ ਕੰਮਾਂ ਵਿਚ ਦੇਰੀ ਹੋ ਸਕਦੀ ਹੈ ਤੇ ਮਰੀਜ਼ਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਤਰ੍ਹਾਂ ਸਰਕਾਰੀ ਸਕੂਲਾਂ, ਕਾਲਜਾਂ ਅਤੇ ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਆਮ ਸਰਕਾਰੀ ਕੰਮਕਾਜ ਵੀ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ, ਮੁਲਾਜ਼ਮ ਜਥੇਬੰਦੀਆਂ ਵਲੋਂ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੀ.ਪੀ.ਐਫ. ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵਲੋਂ ਇਨ੍ਹਾਂ ਮੰਗਾਂ ਦਾ ਗੰਭੀਰਤਾ ਨਾਲ ਹੱਲ ਨਹੀਂ ਕੀਤਾ ਜਾ ਰਿਹਾ ਤੇ ਮੁਲਾਜ਼ਮਾਂ ਨੂੰ ਵਾਰ-ਵਾਰ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸੁਖਜੀਤ ਸਿੰਘ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬਕਾਇਆ ਮਹਿੰਗਾਈ ਭੱਤਾ ਅਤੇ ਹੋਰ ਆਰਥਿਕ ਮੰਗਾਂ ਦਾ ਨਿਪਟਾਰਾ ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਵਿੱਚ ਸ਼ਾਮਲ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ 27 ਅਗਸਤ ਦੀ ਹੜਤਾਲ ਨੂੰ ਸੂਬੇ ਭਰ ਦੇ ਮੁਲਾਜ਼ਮਾਂ ਵਲੋਂ ਭਰਵਾਂ ਸਮਰਥਨ ਦਿੱਤਾ ਜਾਵੇਗਾ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਵੱਡੀ ਗਿਣਤੀ ਵਿਚ ਇਸ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਜਿਥੇ ਸਰਕਾ ਰੀ ਦਫਤਰਾਂ ’ਚ ਕੰਮ-ਕਾਜ ਠੱਪ ਰਹਿਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਥੇ ਲੋਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਮੁਲਾਜ਼ਮਾਂ ਵਲੋਂ ਹਾਲ ਦੀ ਘੜੀ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਜਾਮ ਕਰਨ ਤੇ ਨਾ ਹੀ ਧਰਨੇ ਪ੍ਰਦਰਸ਼ਨ ਕਰਨ ਦਾ ਕੋਈ ਪ੍ਰੋਗਰਾਮ ਐਲਾਨਿਆ ਗਿਆ ਹੈ, ਜਿਸ ਕਾਰਨ ਜਿਥੇ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਆਵਾਜਾਈ ਆਮ ਦੀ ਤਰ੍ਹਾਂ ਚੱਲਣ ਦੀ ਸੰਭਾਵਨਾ ਹੈ, ਉਥੇ ਨਿੱਜੀ ਬੱਸਾਂ ਆਮ ਦੀ ਤਰ੍ਹਾਂ ਚੱਲਣਗੀਆਂ ਤੇ ਨਿੱਜੀ ਕਾਰੋਬਾਰੀ ਅਦਾਰੇ ਅਤੇ ਬੈਂਕਾਂ ਆਦਿ ਵੀ ਖੁੱਲ੍ਹੇ ਰਹਿਣਗੇ। ਇਸ ਦੇ ਨਾਲ ਬਾਜ਼ਾਰਾਂ ਨੂੰ ਵੀ ਬੰਦ ਕਰਵਾਉਣ ਜਾਂ ਰੱਖਣ ਦਾ ਕੋਈ ਪ੍ਰੋਗਰਾਮ ਨਾ ਹੋਣ ਕਾਰਨ ਬਾਜ਼ਾਰ ਵੀ ਆਮ ਵਾਂਗ ਖੁੱਲ੍ਹਣਗੇ ਅਤੇ ਸਭ ਤੋਂ ਅਹਿਮ ਹਸਪਤਾਲਾਂ ’ਚ ਐਮਰਜੈਂਸੀ ਸੇਵਾਵਾਂ ਵੀ ਜਾਰੀ ਰਹਿਣਗੀਆਂ।
ਸਰਕਾਰੀ ਮੁਲਾਜ਼ਮਾਂ ਦੀ ਮਹਾਂ ਹੜਤਾਲ ਕੱਲ੍ਹ-ਪੰਜਾਬ ਭਰ ’ਚ ਸਰਕਾਰੀ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ
ਜਲੰਧਰ, 25 ਅਗਸਤ (ਜਸਪਾਲ ਸਿੰਘ)-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਸੂਬਾ ਪੱਧਰੀ ਮਹਾਂ ਹੜਤਾਲ ਕਰਨ ਦੇ ਐਲਾਨ ਨਾਲ ਪੰਜਾਬ ਭਰ ਵਿਚ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੁਲਾਜ਼ਮ ਜਥੇਬੰਦੀਆਂ ਦੇ ਐਲਾਨ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਹੜਤਾਲ ਵਿਚ ਸ਼ਾਮਿਲ ਹੋਣਗੇ।
ਸੁਖਜੀਤ ਸਿੰਘ
26-08-2026