ਪਾਨ ਸਿੰਘ ਤੋਮਰ ਦਾ ‘ਐਨਕਾਊਂਟਰ’ ਕਰਨ ਵਾਲੇ ਪੁਲਿਸ ਅਧਿਕਾਰੀ ਵਿਜੇ ਰਮਨ ਬੇਹੱਦ ਸੰਵੇਦਨਸ਼ੀਲ ਵਿਅਕਤੀ ਸਨ
ਪਤਨੀ ਵੀਨਾ ਰਮਨ ਨੇ ਉਨ੍ਹਾਂ ਦੀ ਪੁਸਤਕ ‘ਡਿਡ ਆਈ ਰਿਐਲੀ ਡੂ ਆਲ ਦਿਸ’ ਦੇ ਹਵਾਲੇ ਨਾਲ ਕੀਤੇ ਅਹਿਮ ਖੁਲਾਸੇ
ਜਲੰਧਰ, 31 ਅਗਸਤ (ਜਸਪਾਲ ਸਿੰਘ)-ਚੰਬਲ ਦੇ ਬਦਨਾਮ ਡਾਕੂ ਪਾਨ ਸਿੰਘ ਤੋਮਰ ਵਿਰੁੱਧ 1981 ਵਿਚ ਹੋਈ ਪੁਲਿਸ ਕਾਰਵਾਈ ਦੀ ਅਗਵਾਈ ਕਰਨ ਵਾਲੇ ਸੇਵਾਮੁਕਤ ਆਈ. ਪੀ.
ਵ
ਵਿਜੇ ਰਮਨ ਦੀ ਪੁਸਤਕ ਦੇ ਨਾਲ ਉਨ੍ਹਾਂ ਦੀ ਪਤਨੀ ਵੀਨਾ ਰਮਨ। ਤਸਵੀਰ : ਜੀ. ਪੀ. ਸਿੰਘ
01-09-2026
ਜਲੰਧਰ, 31 ਅਗਸਤ (ਜਸਪਾਲ ਸਿੰਘ)-ਚੰਬਲ ਦੇ ਬਦਨਾਮ ਡਾਕੂ ਪਾਨ ਸਿੰਘ ਤੋਮਰ ਵਿਰੁੱਧ 1981 ਵਿਚ ਹੋਈ ਪੁਲਿਸ ਕਾਰਵਾਈ ਦੀ ਅਗਵਾਈ ਕਰਨ ਵਾਲੇ ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਵਿਜੇ ਰਮਨ ਦੀ ਜ਼ਿੰਦਗੀ ਹੁਣ ਇਕ ਪੁਸਤਕ ਰਾਹੀਂ ਲੋਕਾਂ ਦੇ ਸਾਹਮਣੇ ਹੈ ਤੇ ਅੰਗਰੇਜ਼ੀ ’ਚ ਪ੍ਰਕਾਸ਼ਿਤ ਇਸ ਪੁਸਤਕ ‘ਡਿਡ ਆਈ ਰਿਐਲੀ ਡੂ ਆਲ ਦਿਸ’ ਦਾ ਹਿੰਦੀ ਅਨੁਵਾਦ ਵੀ 12 ਸਤੰਬਰ ਨੂੰ ਮੱਧ ਪ੍ਰਦੇਸ਼ ’ਚ ਲੋਕ ਅਰਪਣ ਕੀਤਾ ਜਾ ਰਿਹਾ ਹੈ। ਇਸ ਪੁਸਤਕ ਸੰਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਦੀ ਪਤਨੀ ਵੀਨਾ ਰਮਨ ਨੇ ਦੱਸਿਆ ਕਿ ਇਸ ਪੁਸਤਕ ’ਚ ਵਿਜੇ ਰਮਨ ਨੇ ਆਪਣੀ ਪੁਲਿਸ ਸੇਵਾ ਦੌਰਾਨ ਹਾਸਿਲ ਕੀਤੇ ਤਜ਼ਰਬਿਆਂ ਅਤੇ ਮਹੱਤਵਪੂਰਨ ਘਟਨਾਵਾਂ ਨੂੰ ਕਲਮਬੱਧ ਕੀਤਾ ਹੈ । ਇਹ ਵਿਚ ਦੱਸਿਆ ਗਿਆ ਹੈ ਕਿ ਵਰਦੀ ਦੇ ਪਿੱਛੇ ਇਕ ਅਜਿਹਾ ਇਨਸਾਨ ਵੀ ਹੁੰਦਾ ਹੈ, ਜਿਸ ਦੀ ਜ਼ਿੰਦਗੀ ਫਰਜ਼, ਪਰਿਵਾਰ, ਖ਼ਤਰੇ ਅਤੇ ਜ਼ਿੰਮੇਵਾਰੀਆਂ ਦੇ ਵਿਚਕਾਰ ਬੀਤਦੀ ਹੈ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਵੀਨਾ ਰਮਨ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਵਿਜੇ ਰਮਨ ਮੱਧ ਪ੍ਰਦੇਸ਼ ਕੇਡਰ ਦੇ 1975 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਸਨ ਤੇ ਭਿੰਡ ਦੇ ਐੱਸ.ਪੀ. ਵਜੋਂ ਤਾਇਨਾਤੀ ਦੌਰਾਨ ਉਨ੍ਹਾਂ ਨੇ ਪਾਨ ਸਿੰਘ ਤੋਮਰ ਦੇ ਗਰੋਹ ਵਿਰੁੱਧ ਪੁਲਿਸ ਕਾਰਵਾਈ ਦੀ ਅਗਵਾਈ ਕੀਤੀ ਸੀ। ਬਾਅਦ ਵਿਚ ਵਿਜੇ ਰਮਨ ਨੇ ਆਪਣੇ ਲੰਮੇ ਪੁਲਿਸ ਕੈਰੀਅਰ ਦੀਆਂ ਕਈ ਅਹਿਮ ਘਟਨਾਵਾਂ ਤੇ ਯਾਦਾਂ ਨੂੰ ਇਸ ਪੁਸਤਕ ’ਚ ਦਰਜ ਕੀਤਾ, ਜਿਨ੍ਹਾਂ ’ਚ ਪ੍ਰਮੁੱਖ ਤੌਰ ’ਤੇ ਗਾਜ਼ੀ ਬਾਬਾ ਦਾ‘ਐਨਕਾਊਂਟਰ’ ਤੇ ਫੂਲਨ ਦੇਵੀ ਦੇ ਆਤਮ ਸਮਰਪਣ ਦੀਆਂ ਘਟਨਾਵਾਂ ਵੀ ਸ਼ਾਮਿਲ ਹਨ । ਵੀਨਾ ਰਮਨ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਹ ਵਿਜੇ ਰਮਨ ਵਰਗੇ ਇਕ ਅਜਿਹੇ ਜਾਂਬਾਜ਼ ਪੁਲਿਸ ਅਧਿਕਾਰੀ ਦੀ ਪਤਨੀ ਹੈ, ਜਿਸ ਨੇ ਹਮੇਸ਼ਾ ਆਪਣੇ ਫਰਜ਼ ਨੂੰ ਪਹਿਲ ਦਿੱਤੀ । ਵਿਜੇ ਰਮਨ ਸਤੰਬਰ 2 023 ਵਿਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ ਤੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪ੍ਰਕਾਸ਼ਿਤ ਹੋਈ ਇਹ ਪੁਸਤਕ ਉਨ੍ਹਾਂ ਦੇ ਜੀਵਨ ਅਤੇ ਸੇਵਾ ਦੀ ਵਿਰਾਸਤ ਨੂੰ ਸੰਭਾਲਣ ਦਾ ਇਕ ਯਤਨ ਹੈ।