ਸਹੁੰ ਚੁੱਕਣ ਤੋਂ ਦੋ ਘੰਟਿਆਂ ਬਾਅਦ ਹੀ ਹਾਈ ਕੋਰਟ ਦੇ ਚੀਫ਼ ਜਸਟਿਸ ਮਿਸ਼ਰਾ ਦਾ ਸਖ਼ਤ ਸੰਦੇਸ਼
ਚੰਡੀਗੜ੍ਹ, 7 ਸਤੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣ ਦੇ ਮਹਿਜ਼ ਦੋ ਘੰਟਿਆਂ ਬਾਅਦ ਹੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਆਪਣੇ ਕਾਰਜਕਾਲ ਦੇ ਰੁਖ਼ ਦਾ ਸਖ਼ਤ ਸੰਦੇਸ਼ ਦੇ ਦਿੱਤਾ।
ਚੰਡੀਗੜ੍ਹ, 7 ਸਤੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣ ਦੇ ਮਹਿਜ਼ ਦੋ ਘੰਟਿਆਂ ਬਾਅਦ ਹੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਆਪਣੇ ਕਾਰਜਕਾਲ ਦੇ ਰੁਖ਼ ਦਾ ਸਖ਼ਤ ਸੰਦੇਸ਼ ਦੇ ਦਿੱਤਾ। ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲੰਬਿਤ ਮਹਿੰਗਾਈ ਭੱਤੇ (ਡੀ.ਏ.) ਤੇ ਮਹਿੰਗਾਈ ਰਾਹਤ (ਡੀ.ਆਰ.) ਦੇ ਬਕਾਏ ਦੀ ਅਦਾਇਗੀ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਦੌਰਾਨ ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਹਾਈਕੋਰਟ ਕਿਸੇ ਵੀ ਤਰ੍ਹਾਂ ਦੀ ਰਣਨੀਤੀ ਜਾਂ ਦਬਾਅ ਤੋਂ ਪ੍ਰਭਾਵਿਤ ਨਹੀਂ ਹੋਵੇਗਾ। ਅਦਾਲਤ ਕਾਨੂੰਨ ਦੇ ਮੁਤਾਬਕ ਹੀ ਅੱਗੇ ਵਧੇਗੀ ਤੇ ਫ਼ੈਸਲਾ ਵੀ ਕਾਨੂੰਨ ਦੇ ਆਧਾਰ ’ਤੇ ਹੀ ਕੀਤਾ ਜਾਵੇਗਾ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ’ਤੇ ਆਧਾਰਿਤ ਡਵੀਜ਼ਨ ਬੈਂਚ ਸੋਮਵਾਰ ਨੂੰ ਡੀ.ਏ. ਦੇ ਬਕਾਇਆ ਭੁਗਤਾਨ ਨਾਲ ਸਬੰਧਿਤ ਅਰਜ਼ੀਆਂ ’ਤੇ ਸੁਣਵਾਈ ਕਰ ਰਹੀ ਸੀ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਪੇਸ਼ ਵਕੀਲ ਵਲੋਂ ਉੱਚੀ ਆਵਾਜ਼ ’ਚ ਦਲੀਲਾਂ ਦੇਣ ’ਤੇ ਬੈਂਚ ਨੇ ਇਤਰਾਜ਼ ਪ੍ਰਗਟ ਕੀਤਾ। ਚੀਫ਼ ਜਸਟਿਸ ਨੇ ਕਿਹਾ ਕਿ ਅਦਾਲਤ ਕਾਨੂੰਨ ਦੇ ਸ਼ਾਸਨ ਅਨੁਸਾਰ ਚੱਲੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਰਣਨੀਤੀ ਜਾਂ ਦਬਾਅ ਹੇਠ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਤੇ ਉਹ ਜਾਣਦੇ ਹਨ ਕਿ ਇਸ ਸਹੁੰ ਨੂੰ ਕਿਸ ਤਰ੍ਹਾਂ ਕਾਇਮ ਰੱਖਣਾ ਅਤੇ ਇਸ ਦੀ ਰਾਖੀ ਕਰਨੀ ਹੈ। ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਨੂੰ ਹੋਣ ਦੀ ਸੰਭਾਵਨਾ ਹੈ।