ਐੱਸ. ਏ. ਐੱਸ. ਨਗਰ, 1 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀਖਿਆਰਥੀਆਂ ਅਤੇ ਆਮ ਜਨਤਾ ਲਈ ਸਰਟੀਫ਼ਿਕੇਟ ਸੰਬੰਧੀ ਸੇਵਾਵਾਂ ਨੂੰ ਹੋਰ ਅਸਾਨ, ਪਾਰਦਰਸ਼ੀ ਅਤੇ ਬਿਨੈਕਾਰ-ਪੱਖੀ ਬਣਾਉਣ ਲਈ ਸਰਟੀਫ਼ਿਕੇਟਾਂ ਵਿਚ ਦਰਜ ਵੇਰਵਿਆਂ ਦੀ ਸੋਧ ਸੰਬੰਧੀ ਆਨਲਾਈਨ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਪਹਿਲਕਦਮੀ ਤਹਿਤ ਬਿਨੈਕਾਰ ਹੁਣ ਘਰ ਬੈਠੇ ਹੀ ਸਰਟੀਫ਼ਿਕੇਟ ਵਿਚ ਦਰਜ ਨਾਂਅ, ਪਿਤਾ/ਮਾਤਾ ਦਾ ਨਾਂਅ ਤੇ ਜਨਮ ਮਿਤੀ ਆਦਿ ਵਿਚ ਸੋਧ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਣਗੇ । ਇਸ ਪਹਿਲਕਦਮੀ ਬਾਬਤ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਨਿਰਧਾਰਤ ਸਮੇਂ ਅੰਦਰ ਮੁਹੱਈਆ ਕਰਵਾਉਣ ਲਈ ਲਾਗੂ Punjab Transparency and Accountability in Delivery of Public Services Act ਅਧੀਨ ਬੋਰਡ ਵਲੋਂ ਸਰਟੀਫ਼ਿਕੇਟ ਵਿਚ ਸੋਧਾਂ ਸੰਬੰਧੀ ਸੇਵਾਵਾਂ ਨੂੰ ਡਿਜ਼ੀਟਲ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਪਹਿਲਾਂ ਨਿਰਧਾਰਤ ਪ੍ਰਕਿਰਿਆ ਅਧੀਨ ਅਜਿਹੇ ਕੇਸਾਂ ਨੂੰ ਨਿਪਟਾਉਣ ਲਈ 45 ਦਿਨਾਂ ਤੱਕ ਦਾ ਸਮਾਂ ਲੱਗਦਾ ਸੀ, ਜਦਕਿ ਹੁਣ 21 ਦਿਨਾਂ ਦੇ ਅੰਦਰ ਸੋਧ ਉਪਰੰਤ ਸਰਟੀਫ਼ਿਕੇਟ ਉਮੀਦਵਾਰ ਨੂੰ ਮਿਲ ਜਾਵੇਗਾ। ਇਸ ਸੰਬੰਧੀ ਬੋਰਡ ਵਲੋਂ certificate.pseb.ac.in ਨਾਂਅ ਦਾ ਨਵਾਂ ਆਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ’ਤੇ ਹਰੇਕ ਸੇਵਾ ਲਈ ਲੋੜੀਂਦੇ ਦਸਤਾਵੇਜ਼ਾਂ, ਸ਼ਰਤਾਂ ਅਤੇ ਅਰਜ਼ੀ ਜਮ੍ਹਾਂ ਕਰਵਾਉਣ ਸੰਬੰਧੀ ਹਦਾਇਤਾਂ ਉਪਲੱਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਿਨੈਕਾਰ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਹੀ ਲੋੜੀਂਦੀ ਜਾਣਕਾਰੀ ਮਿਲ ਜਾਵੇਗੀ। ਨਵੇਂ ਪੋਰਟਲ ਰਾਹੀਂ ਬਿਨੈਕਾਰ ਨੂੰ ਸੇਵਾ ਪ੍ਰਾਪਤ ਕਰਨ ਲਈ ਬੋਰਡ ਦੇ ਦਫ਼ਤਰ ਆਉਣ ਦੀ ਲੋੜ ਨਹੀਂ ਪਵੇਗੀ। ਇਸ ਨਵੀਂ ਪ੍ਰਣਾਲੀ ਰਾਹੀਂ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਲੈ ਕੇ ਕੇਸ ਦੀ ਸਥਿਤੀ ਜਾਣਨ ਤੱਕ ਦੀ ਸੇਵਾ ਘਰ ਬੈਠੇ ਹੀ ਪ੍ਰਾਪਤ ਕੀਤੀ ਜਾ ਸਕੇਗੀ। ਆਨਲਾਈਨ ਪ੍ਰਣਾਲੀ ਨਾਲ ਸਰਟੀਫ਼ਿਕੇਟ ਸੋਧ ਸੰਬੰਧੀ ਕੇਸਾਂ ਦੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਵੀ ਨਿਸ਼ਚਿਤ ਹੋਵੇਗੀ ।