ਦਾਲਾਂ ਦੀਆਂ ਕੀਮਤਾਂ ’ਚ ਭਾਰੀ ਉਛਾਲ, ਤਿੰਨ ਦਿਨਾਂ ’ਚ ਮੋਠ 18 ਰੁਪਏ ਕਿੱਲੋ ਮਹਿੰਗੇ
ਰਾਜਮਾਂਹ, ਛੋਲੇ ਅਤੇ ਮੂੰਗੀ ਦੀਆਂ ਕੀਮਤਾਂ ’ਚ ਵੀ ਵਾਧਾ
ਜਲੰਧਰ, 2 ਅਕਤੂਬਰ (ਸ਼ਿਵ ਸ਼ਰਮਾ)- ਤਿਉਹਾਰਾਂ ਦੇ ਮਹੀਨੇ ਦੌਰਾਨ ਜਿੱਥੇ ਲੋਕ ਵੱਡੇ ਪੱਧਰ ’ਤੇ ਖਰੀਦਦਾਰੀ ਕਰ ਰਹੇ ਹਨ, ਉੱਥੇ ਹੀ ਦਾਲਾਂ ਦੀਆਂ ਕੀਮਤਾਂ ਵਿਚ ਹੋਏ ਭਾਰੀ ਵਾਧੇ ਨੇ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਦਾਲਾਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ।
ਜਲੰਧਰ, 2 ਅਕਤੂਬਰ (ਸ਼ਿਵ ਸ਼ਰਮਾ)- ਤਿਉਹਾਰਾਂ ਦੇ ਮਹੀਨੇ ਦੌਰਾਨ ਜਿੱਥੇ ਲੋਕ ਵੱਡੇ ਪੱਧਰ ’ਤੇ ਖਰੀਦਦਾਰੀ ਕਰ ਰਹੇ ਹਨ, ਉੱਥੇ ਹੀ ਦਾਲਾਂ ਦੀਆਂ ਕੀਮਤਾਂ ਵਿਚ ਹੋਏ ਭਾਰੀ ਵਾਧੇ ਨੇ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਦਾਲਾਂ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। ਮੋਠ ਦੀ ਦਾਲ ਸਿਰਫ਼ ਤਿੰਨ ਦਿਨਾਂ ਵਿਚ 18 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋ ਗਈ ਹੈ। ਥੋਕ ਬਾਜ਼ਾਰ ਵਿਚ ਪਹਿਲਾਂ 80 ਤੋਂ 82 ਰੁਪਏ ਪ੍ਰਤੀ ਕਿੱਲੋ ਵਿਕਣ ਵਾਲੀ ਮੋਠ ਦੀ ਦਾਲ ਹੁਣ 100 ਤੋਂ 102 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਮਾਂਹ ਸਾਬਤ ਦੀ ਦਾਲ 4 ਰੁਪਏ, ਕਾਬਲੀ ਛੋਲੇ 13 ਰੁਪਏ, ਜਦਕਿ ਅਰਹਰ ਦੀ ਦਾਲ 24 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋ ਗਈ ਹੈ। ਰਾਜਮਾਂਹ ਦੀ ਕੀਮਤ ਵਿਚ ਵੀ 10 ਦਿਨਾਂ ਦੌਰਾਨ 15 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਦਰਜ ਕੀਤਾ ਗਿਆ ਹੈ। ਛੋਲਿਆਂ ਦੀ ਦਾਲ 12 ਦਿਨਾਂ ਵਿਚ 7 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋਈ ਹੈ। ਇਸੇ ਤਰ੍ਹਾਂ 80 ਤੋਂ 82 ਰੁਪਏ ਪ੍ਰਤੀ ਕਿੱਲੋ ਵਿਕਣ ਵਾਲਾ ਬੇਸਨ ਹੁਣ 92 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਮੂੰਗੀ ਧੋਤੀ ਦਾਲ ਦੀ ਕੀਮਤ ਵੀ 90 ਤੋਂ 92 ਰੁਪਏ ਤੋਂ ਵਧ ਕੇ 100 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ, ਜਦਕਿ ਕਾਲੇ ਛੋਲੇ 10 ਰੁਪਏ ਪ੍ਰਤੀ ਕਿੱਲੋ ਮਹਿੰਗੇ ਹੋਏ ਹਨ। ਇਹ ਕੀਮਤਾਂ ਥੋਕ ਬਾਜ਼ਾਰ ਦੀਆਂ ਹਨ, ਜਦਕਿ ਪਰਚੂਨ ਬਾਜ਼ਾਰ ਵਿਚ ਖਪਤਕਾਰਾਂ ਨੂੰ ਦਾਲਾਂ ਹੋਰ ਮਹਿੰਗੇ ਭਾਅ ’ਤੇ ਖਰੀਦਣੀਆਂ ਪੈ ਰਹੀਆਂ ਹਨ। ਕਾਰੋਬਾਰੀ ਸੂਤਰਾਂ ਅਨੁਸਾਰ ਦਾਲਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਇੱਕ ਕਾਰਨ ਮੱਧ ਪ੍ਰਦੇਸ਼ ਵਿਚ ਸੋਕੇ ਦੀ ਸਥਿਤੀ ਵੀ ਦੱਸਿਆ ਜਾ ਰਿਹਾ ਹੈ।