ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਪਾਰਕਿੰਗ ਬਣੀ ਵੱਡੀ ਸਮੱਸਿਆ
ਅੰਮ੍ਰਿਤਸਰ, 7 ਅਕਤੂਬਰ - ਸਿੱਖ ਪੰਥ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਪੁੱਜਣ ਵਾਲੀ ਸੰਗਤ ਲਈ ਕਾਰ ਪਾਰਕਿੰਗ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ । ਖਾਸ ਕਰਕੇ ਸਨਿਚਰਵਾਰ-ਐਤਵਾਰ ਅਤੇ ਵੱਡੇ ਧਾਰਮਿਕ ਤੇ ਇਤਿਹਾਸਕ ਦਿਹਾੜਿਆਂ ਮੌਕੇ ਪਾਰਕਿੰਗ ਦੀ ਘਾਟ ਕਾਰਨ ਸ਼ਰਧਾਲੂਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ
ਸਾਰਾਗੜ੍ਹੀ ਪਾਰਕਿੰਗ ਦਾ ਦ੍ਰਿਸ਼। ਅਜੀਤ ਤਸਵੀਰ
08-10-2026
ਅੰਮ੍ਰਿਤਸਰ, 7 ਅਕਤੂਬਰ - ਸਿੱਖ ਪੰਥ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਪੁੱਜਣ ਵਾਲੀ ਸੰਗਤ ਲਈ ਕਾਰ ਪਾਰਕਿੰਗ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ । ਖਾਸ ਕਰਕੇ ਸਨਿਚਰਵਾਰ-ਐਤਵਾਰ ਅਤੇ ਵੱਡੇ ਧਾਰਮਿਕ ਤੇ ਇਤਿਹਾਸਕ ਦਿਹਾੜਿਆਂ ਮੌਕੇ ਪਾਰਕਿੰਗ ਦੀ ਘਾਟ ਕਾਰਨ ਸ਼ਰਧਾਲੂਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਗਤ ਤੇ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਸਰਕਾਰ, ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਵਲੋਂ ਲੋੜੀਂਦੇ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਜਾ ਰਹੇ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਮੌਜੂਦ ਸਰਕਾਰੀ ਪਾਰਕਿੰਗਾਂ, ਜਿਨ੍ਹਾਂ ਵਿਚ ਸਾਰਾਗੜ੍ਹੀ ਪਾਰਕਿੰਗ ਵੀ ਸ਼ਾਮਿਲ ਹੈ, ਵਾਹਨਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਦੇ ਮੁਕਾਬਲੇ ਨਾਕਾਫ਼ੀ ਸਾਬਤ ਹੋ ਰਹੀਆਂ ਹਨ । ਵੀਕਐਂਡ ਅਤੇ ਤਿਉਹਾਰਾਂ ਦੇ ਦਿਨਾਂ ਵਿਚ ਪਾਰਕਿੰਗਾਂ ਭਰ ਜਾਣ ਤੋਂ ਬਾਅਦ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਸੜਕਾਂ ’ਤੇ ਲੱਗ ਜਾਂਦੀਆਂ ਹਨ, ਜਿਸ ਕਾਰਨ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਘੰਟਿਆਂਬੱਧੀ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ । ਦੂਰ-ਦੁਰਾਡੇ ਤੋਂ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਨਾਲ ਲੈ ਕੇ ਆਉਣ ਵਾਲੇ ਪਰਿਵਾਰਾਂ ਲਈ ਇਹ ਸਮੱਸਿਆ ਹੋਰ ਵੀ ਮੁਸ਼ਕਿਲ ਬਣ ਜਾਂਦੀ ਹੈ । ਪਾਰਕਿੰਗ ਦੀ ਘਾਟ ਦਾ ਫਾਇਦਾ ਚੁੱਕਦਿਆਂ ਕੁਝ ਨਿੱਜੀ ਪਾਰਕਿੰਗ ਆਪਰੇਟਰਾਂ ਵਲੋਂ ਕਥਿਤ ਤੌਰ ’ਤੇ ਮਨਮਾਨੀ ਫੀਸ ਵਸੂਲਣ ਦੇ ਦੋਸ਼ ਵੀ ਲੱਗ ਰਹੇ ਹਨ। ਸੰਗਤ ਦਾ ਕਹਿਣਾ ਹੈ ਕਿ ਕਈ ਥਾਵਾਂ ’ਤੇ ਵਾਹਨ ਖੜ੍ਹੇ ਕਰਨ ਲਈ 200 ਤੋਂ 500 ਰੁਪਏ ਤੱਕ ਵਸੂਲੇ ਜਾਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ । ਇਸ ਤਰ੍ਹਾਂ ਦੀ ਕਥਿਤ ਨਾਜਾਇਜ਼ ਵਸੂਲੀ ਨਾ ਸਿਰਫ਼ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ’ਤੇ ਵਿੱਤੀ ਬੋਝ ਪਾਉਂਦੀ ਹੈ, ਸਗੋਂ ਗੁਰੂ ਨਗਰੀ ਦੇ ਅਕਸ ਨੂੰ ਵੀ ਪ੍ਰਭਾਵਿਤ ਕਰਦੀ ਹੈ । ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਉਣ ਵਾਲਾ ਇੱਕ ਮੁੱਖ ਕਾਰਨ ਅਧੂਰੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਵੀ ਦੱਸੇ ਜਾ ਰਹੇ ਹਨ । ਕੈਰੋਂ ਮਾਰਕੀਟ ਵਿਖੇ ਪ੍ਰਸਤਾਵਿਤ ਮਲਟੀ-ਸਟੋਰੀ ਆਟੋਮੇਟਿਡ ਕਾਰ ਪਾਰਕਿੰਗ ਪ੍ਰਾਜੈਕਟ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਸਥਾਨਕ ਵਸਨੀਕਾਂ ਅਤੇ ਕਾਰੋਬਾਰੀਆਂ ਵਿਚ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਹੋਣ ਤਾਂ ਹਰਿਮੰਦਰ ਸਾਹਿਬ ਵੱਲ ਆਉਣ ਵਾਲੇ ਟ੍ਰੈਫਿਕ ਦਾ ਦਬਾਅ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਆਉਣ ਵਾਲੇ ਪ੍ਰਕਾਸ਼ ਪੁਰਬ, ਦੀਵਾਲੀ ਤੇ ਬੰਦੀ ਛੋੜ ਦਿਵਸ ਸਮੇਤ ਹੋਰ ਵੱਡੇ ਧਾਰਮਿਕ ਸਮਾਗਮਾਂ ਦੌਰਾਨ ਸੰਗਤ ਦੀ ਆਮਦ ਵਧਣ ਦੀ ਸੰਭਾਵਨਾ ਹੈ । ਇਸ ਲਈ ਸੰਗਤ ਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟ੍ਰੈਫਿਕ ਪ੍ਰਬੰਧਾਂ ਨੂੰ ਹੁਣੇ ਤੋਂ ਮਜ਼ਬੂਤ ਕੀਤਾ ਜਾਵੇ, ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਪਾਰਕਿੰਗ ਪ੍ਰਬੰਧ ਨੂੰ ਸੁਚਾਰੂ ਬਣਾਇਆ ਜਾਵੇ। ਲੋਕਾਂ ਨੇ ਸੁਝਾਅ ਦਿੱਤਾ ਹੈ ਕਿ ਸ਼ਹਿਰ ਦੇ ਬਾਹਰੀ ਹਿੱਸਿਆਂ ਵਿਚ ਵੱਡੀਆਂ ਪਾਰਕਿੰਗਾਂ ਵਿਕਸਿਤ ਕਰਕੇ ਉਥੋਂ ਮੁਫ਼ਤ ਜਾਂ ਘੱਟ ਕਿਰਾਏ ਵਾਲੀ ਸ਼ਟਲ ਬੱਸ ਅਤੇ ਈ-ਰਿਕਸ਼ਾ ਸੇਵਾ ਸ਼ੁਰੂ ਕੀਤੀ ਜਾਵੇ । ਇਸ ਦੇ ਨਾਲ ਹੀ ਸਮਾਰਟ ਪਾਰਕਿੰਗ ਐਪ ਤਿਆਰ ਕੀਤੀ ਜਾਵੇ, ਜਿਸ ਰਾਹੀਂ ਸ਼ਰਧਾਲੂ ਸ਼ਹਿਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਖਾਲੀ ਪਾਰਕਿੰਗ ਦੀ ਜਾਣਕਾਰੀ ਪ੍ਰਾਪਤ ਕਰ ਸਕਣ । ਲੋਕਾਂ ਨੇ ਨਾਜਾਇਜ਼ ਪਾਰਕਿੰਗ ਫੀਸ ਵਸੂਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ ਤੇ ਐਸ.ਜੀ.ਪੀ.ਸੀ. ਵਲੋਂ ਸਾਂਝੀ ਯੋਜਨਾ ਤਹਿਤ ਪੱਕਾ ਹੱਲ ਕੱਢਣ ਦੀ ਮੰਗ ਕੀਤੀ ਹੈ।