ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਦੀ ਪਤਨੀ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ
ਕੋਲੰਬੋ, 7 ਅਕਤੂਬਰ (ਪੀ. ਟੀ.
ਕੋਲੰਬੋ, 7 ਅਕਤੂਬਰ (ਪੀ.ਟੀ.ਆਈ.)-ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਦੀ ਪਤਨੀ ਸ਼ਿਰੰਥੀ ਰਾਜਪਕਸ਼ੇ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ’ਤੇ 1 ਕਰੋੜ ਸ੍ਰੀਲੰਕਾਈ ਰੁਪਏ ਦੇ ਜਨਤਕ ਫੰਡ ਦੀ ਕਥਿਤ ਦੁਰਵਰਤੋਂ ਕਰਨ ਦਾ ਦੋਸ਼ ਹੈ। ਇਸੇ ਦੌਰਾਨ, ਦੇਸ਼ ਦੀ ਭ੍ਰਿਸ਼ਟਾਚਾਰ-ਵਿਰੋਧੀ ਏਜੰਸੀ ਨੇ ਵੱਖ-ਵੱਖ ਮਾਮਲਿਆਂ ’ਚ ਇਕ ਸਾਬਕਾ ਵਿਦੇਸ਼ ਮੰਤਰੀ ਤੇ ਇਕ ਸਾਬਕਾ ਸਰਕਾਰੀ ਬੈਂਕ ਮੁਖੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਨੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਪਤਨੀ, 73 ਸਾਲਾ ਸ਼ਿਰੰਥੀ ਰਾਜਪਕਸ਼ੇ ਨੂੰ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਉਨ੍ਹਾਂ ਦੀ ਗੈਰ-ਸਰਕਾਰੀ ਸੰਸਥਾ (ਐਨ.ਜੀ.ਓ.) ‘ਸਿਰੀਲੀਆ ਸਾਵੀਆ’ ਤੇ ਸਰਕਾਰੀ ‘ਨੈਸ਼ਨਲ ਸੇਵਿੰਗਜ਼ ਬੈਂਕ’ ਤੋਂ ਲਏ ਗਏ ਫੰਡਾਂ ਨਾਲ ਜੁੜੇ ਦੋਸ਼ਾਂ ਦੇ ਸੰਬੰਧ ਵਿਚ ਕੀਤੀ ਗਈ ਹੈ। ਉਹ ਇਸ ਟਾਪੂ-ਦੇਸ਼ ਦੇ ਇਤਿਹਾਸ ’ਚ ਭ੍ਰਿਸ਼ਟਾਚਾਰ ਦੀ ਜਾਂਚ ਦੌਰਾਨ ਹਿਰਾਸਤ ’ਚ ਲਈ ਜਾਣ ਵਾਲੀ ਪਹਿਲੀ ਸਾਬਕਾ ਫਸਟ ਲੇਡੀ ਹਨ।